ਪਾਕਿਸਤਾਨ 'ਚ ਵੋਟਿੰਗ ਸ਼ੁਰੂ, ਪ੍ਰਸ਼ਾਸਨ ਨੇ ਕੀਤੇ 1000 ਕਫ਼ਣ ਤਿਆਰ
ਏਬੀਪੀ ਸਾਂਝਾ | 25 Jul 2018 10:36 AM (IST)
ਲਾਹੌਰ: ਪਾਕਿਸਤਾਨ ਵਿੱਚ ਬੁੱਧਵਾਰ ਨੂੰ ਨਵੀਂ ਸਰਕਾਰ ਚੁਣਨ ਲਈ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਪਾਕਿਸਤਾਨ ਦੇ ਪਿਛਲੇ ਸੱਤ ਦਹਾਕਿਆਂ ਦੇ ਇਤਿਹਾਸ ਵਿੱਛ ਇਹ ਦੂਜਾ ਮੌਕਾ ਹੈ, ਜਦ ਲੋਕਤੰਤਰਿਕ ਤਰੀਕੇ ਨਾਲ ਸਰਕਾਰ ਚੁਣਨ ਦੀ ਪ੍ਰਕਿਰਿਆ ਆਰੰਭੀ ਗਈ ਹੈ। ਇਨ੍ਹਾਂ ਚੋਣਾਂ ਵਿੱਚ ਹਿੰਸਾ ਦਾ ਖ਼ਦਸ਼ਾ ਹੈ, ਇਸ ਲਈ ਪ੍ਰਸ਼ਾਸਨ ਨੇ ਕਫ਼ਣ ਵੀ ਤਿਆਰ ਕਰ ਲਏ ਹਨ। ਦ ਐਕਪ੍ਰੈਸ ਟ੍ਰਿਬੀਊਨ ਦੀਆਂ ਖ਼ਬਰਾਂ ਮੁਤਾਬਕ ਹਿੰਸਾ ਹੋਣ ਦੀਆਂ ਸੰਭਾਵਨਾਵਾਂ ਹੋਣ ਕਾਰਨ ਪੇਸ਼ਾਵਰ ਪ੍ਰਸ਼ਾਸਨ ਨੇ 1000 ਕਫ਼ਨ ਵੀ ਤਿਆਰ ਕਰ ਲਏ ਹਨ। ਚੋਣਾਂ ਕਾਰਨ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ। ਲਾਹੌਰ, ਕਰਾਚੀ ਤੇ ਇਸਲਾਮਾਬਾਦ ਜਿਹੇ ਵੱਡੇ ਸ਼ਹਿਰਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅੱਜ ਸ਼ਾਮ ਛੇ ਵਜੇ ਤਕ ਵੋਟਾਂ ਪੈਣ ਦੀ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ ਤੇ ਰਾਤ ਤੋਂ ਹੀ ਗਿਣਤੀ ਦਾ ਕੰਮ ਸ਼ੁਰੂ ਹੋ ਜਾਵੇਗਾ। ਆਸ ਹੈ ਕਿ ਭਲਕੇ ਸਵੇਰ ਤਕ ਸਾਰੇ ਨਤੀਜੇ ਆ ਜਾਣਗੇ। ਪਾਕਿਸਤਾਨ ਦੀ ਅਸੈਂਬਲੀ ਲਈ 342 ਸੀਟਾਂ ਹਨ, ਜਿਨ੍ਹਾਂ ਵਿੱਚੋਂ 272 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਸਰਕਾਰ ਬਣਾਉਣ ਲਈ ਘੱਟੋ-ਘੱਟ 172 ਸੀਟਾਂ ਨਾਲ ਬਹੁਮਤ ਸਾਬਤ ਕਰਨਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਚਾਰ ਸੂਬਿਆਂ ਵਿੱਚ ਵੀ ਚੋਣਾਂ ਹੋ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਫ਼ੌਜ ਚੋਣਾਂ ਵਿੱਚ ਦਖ਼ਲ ਦੇ ਰਹੀ ਹੈ, ਜਿਸ ਦਾ ਫਾਇਦਾ ਸਾਬਕਾ ਕ੍ਰਿਕੇਟਰ ਇਮਰਾਨ ਖ਼ਾਨ ਨੂੰ ਹੋ ਰਿਹਾ ਹੈ। ਹਾਲਾਂਕਿ, ਦੂਜੀ ਵੱਡੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ਼ (ਨਵਾਜ਼) ਨਾਲ ਤਹਿਰੀਕ ਏ ਇਨਸਾਫ਼ ਦੀ ਸਿੱਧੀ ਟੱਕਰ ਹੈ, ਪਰ ਸਰਵੇਖਣ ਵਿੱਚ ਕਿਸੇ ਨੂੰ ਵੀ ਬਹੁਮਤ ਨਹੀਂ ਮਿਲ ਰਿਹਾ।