ਇਸਲਾਮਾਬਾਦ: ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਗੱਲਬਾਤ ਲਈ ਤਿਆਰ ਹਨ ਤੇ ਇਸ ਮੁੱਦੇ ਨੂੰ ਕਿਵੇਂ ਅੱਗੇ ਵਧਾਇਆ ਜਾਵੇ, ਇਸ ਲਈ ਭਾਰਤ ਦੇ ਅਧਿਕਾਰਤ ਜਵਾਬ ਦਾ ਇੰਤਜ਼ਾਰ ਹੈ। ਪਾਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫ਼ੈਜ਼ਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਭਾਰਤ ਨਾਲ ਗੱਲਬਾਤ ਲਈ ਤਿਆਰ ਹਾਂ। ਹਾਲਾਂਕਿ, ਕਰਤਾਰਪੁਰ ਲਾਂਘੇ ਦੇ ਸਵਾਲ ਦੇ ਜਵਾਬ ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ।
ਬੀਤੇ ਦਿਨੀਂ ਪਾਕਿਸਤਾਨ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਬਿਆਨ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਨੇ ਸਿਆਸੀ ਖਿੜਕੀ ਖੋਲ੍ਹੀ ਹੈ ਤੇ ਭਾਰਤ ਨੂੰ ਸਾਵਧਾਨੀ ਭਰੀ ਉਮੀਦ ਨਾਲ ਦੇਖ ਰਿਹਾ ਹੈ। ਇਸ 'ਤੇ ਫੈਜ਼ਲ ਨੇ ਕਿਹਾ ਕਿ ਅਸੀਂ ਉਸੇ ਖਿੜਕੀ ਦੀ ਵਰਤੋਂ ਕਰਨਾ ਚਾਹੁੰਦੇ ਹਾਂ ਤੇ ਦੇਖਣਾ ਚਾਹੁੰਦੇ ਹਾਂ ਕਿ ਅਸੀਂ ਕਿਵੇਂ ਅੱਗੇ ਵਧ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਕੌਮਾਂਤਰੀ ਭਾਈਚਾਰੇ ਨੂੰ ਵੀ ਆਪਣੇ ਰੁਖ਼ ਨਾਲ ਜਾਣੂੰ ਕਰਵਾ ਦਿੱਤਾ ਹੈ। ਹੁਣ ਭਾਰਤ ਨੇ ਜਵਾਬ ਦੇਣਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਇਹ ਵੀ ਕਹਿ ਰਹੇ ਹਾਂ ਕਿ ਗੱਲਬਾਤ ਹੀ ਪਾਕਿਸਤਾਨ ਤੇ ਭਾਰਤ ਦਰਮਿਆਨ ਲਟਕਦੇ ਹੋਏ ਮਸਲਿਆਂ ਦੇ ਹੱਲ ਲਈ ਇੱਕੋ-ਇੱਕ ਰਾਸਤਾ ਹੈ। ਅਸੀਂ ਭਾਰਤ ਤੋਂ ਅਧਿਕਾਰਤ ਰੂਪ ਵਿੱਚ ਜਵਾਬ ਦੀ ਉਡੀਕ ਕਰ ਰਹੇ ਹਾਂ ਤੇ ਦੇਖ ਰਹੇ ਹਾਂ ਕਿ ਉਹ ਅੱਗੇ ਵਧਣਾ ਚਾਹੁੰਦਾ ਹੈ। ਸਾਡਾ ਇਸ ਬਾਰੇ ਰੁਖ਼ ਇੱਕ ਸਮਾਨ ਹੈ।
ਜ਼ਿਕਰਯੋਗ ਹੈ ਕਿ ਸਾਲ 2016 ਵਿੱਚ ਭਾਰਤ ਵਿੱਚ ਹੋਏ ਅੱਤਵਾਦੀ ਹਮਲਿਆਂ ਕਾਰਨ ਪਾਕਿਸਤਾਨ ਨਾਲ ਸਬੰਧਾਂ ਵਿੱਚ ਖਟਾਸ ਪੈਦਾ ਹੋ ਗਈ ਸੀ। ਉਦੋਂ ਤੋਂ ਹੀ ਅੱਤਵਾਦ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਵਾਰਤਾ ਵਿੱਚ ਅੜਿੱਕਾ ਬਣਿਆ ਹੋਇਆ ਹੈ। ਇਹ ਮੁੱਦਾ ਭਾਰਤ-ਅਮਰੀਕਾ ਦਰਮਿਆਨ 2+2 ਵਾਰਤਾ ਦੌਰਾਨ ਵੀ ਚੁੱਕਿਆ ਗਿਆ, ਜਿਸ 'ਤੇ ਸੰਯੁਕਤ ਰਾਸ਼ਟਰ ਵੱਲੋਂ ਵੀ ਬਿਆਨ ਜਾਰੀ ਹੋਇਆ ਜੋ ਪਾਕਿਸਤਾਨ ਨੂੰ ਪਸੰਦ ਨਹੀਂ ਆਇਆ।