ਪੇਸ਼ਾਵਰ: ਪਾਕਿਸਤਾਨ ਸਰਕਾਰ ਮਹਾਰਾਜਾ ਰਣਜੀਤ ਸਿੰਘ ਦੇ ਫ਼ੌਜ ਮੁਖੀ ਹਰੀ ਸਿੰਘ ਨਲੂਏ ਦੇ ਕਿਲ੍ਹੇ ਨੂੰ ਅਜਾਇਬ ਘਰ ਵਜੋਂ ਵਿਕਸਤ ਕਰੇਗੀ। ਦੇਸ਼ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਹਰੀਪੁਰ ਜ਼ਿਲ੍ਹੇ ਦੇ ਜਮਰੌਦ ਇਲਾਕੇ ਵਿੱਚ ਹਰੀ ਸਿੰਘ ਦਾ ਕਿਲ੍ਹਾ ਮੌਜੂਦ ਹੈ ਤੇ ਸੂਬਾ ਸਰਕਾਰ ਇਸ ਦੀ ਕਾਇਆ ਕਲਪ ਕਰੇਗੀ।



ਨਲੂਆ ਨੇ ਇਹ ਕਿਲ੍ਹਾ 1822 ਇਸਵੀ ਦੌਰਾਨ ਬਣਵਾਇਆ ਸੀ, ਜੋ 35,420 ਵਰਗ ਫੁੱਟ ਖੇਤਰ ਵਿੱਚ ਫੈਲਿਆ ਹੋਇਆ ਹੈ। ਪੁਰਾਤਤਵ ਵਿਭਾਗ ਨੇ ਸੂਬੇ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੂੰ ਕਿਲ੍ਹੇ ਦਾ ਪ੍ਰਬੰਧਨ ਆਪਣੇ ਹੱਥਾਂ ਵਿੱਚ ਲੈਣ ਦੀ ਇੱਛਾ ਜ਼ਾਹਰ ਕਰਦਿਆਂ ਪੱਤਰ ਵੀ ਲਿਖਿਆ ਹੈ।

ਹਰੀਪੁਰ ਜ਼ਿਲ੍ਹਾ ਪ੍ਰਸ਼ਾਸਨ ਇਸ ਕਿਲ੍ਹੇ ਨੂੰ ਵਿਭਾਗ ਨੂੰ ਸੌਂਪਣ ਲਈ ਰਜ਼ਾਮੰਦ ਵੀ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਨਲੂਆ ਤੋਂ ਬਾਅਦ ਅੰਗ੍ਰੇਜ਼ਾਂ ਨੇ ਵੀ ਇਸ ਕਿਲ੍ਹੇ ਵਿੱਚ ਕੁਝ ਉਸਾਰੀ ਕਰਵਾਈ ਸੀ ਪਰ ਹੁਣ ਇਸ ਨੂੰ ਅਜਾਇਬ ਘਰ ਵਜੋਂ ਵਿਕਸਤ ਕਰ ਕੇ ਵੱਧ ਤੋਂ ਵੱਧ ਸੈਲਾਨੀਆਂ ਨੂੰ ਖਿੱਚਣ ਦੇ ਕਾਬਲ ਬਣਾਇਆ ਜਾਵੇਗਾ।