ਚੰਡੀਗੜ੍ਹ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜ਼ਾ ਮੁਹੰਮਦ ਆਸਿਫ ਨੇ ਆਖਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਗੁਜਰਾਤ ਦੇ ਮੁਸਲਮਾਨਾਂ ਦੇ ਖੂਨ ਨਾਲ ਲਿਬੜੇ ਹੋਏ ਹਨ ਤੇ ਮੋਦੀ ਇੱਕ ਚੁਣੇ ਹੋਏ ਦਹਿਸ਼ਤਗਰਦ ਹਨ। ਉਨ੍ਹਾਂ ਨੇ ਰਾਸ਼ਟਰੀ ਸਵੈ ਸੇਵਕ ਸੰਘ ਨੂੰ ਵੀ ਇੱਕ ਦਹਿਸ਼ਤਗਰਦ ਸੰਗਠਨ ਕਰਾਰ ਦਿੱਤਾ। ਆਸਿਫ ਨੇ ਇੱਕ ਪਾਕਿਸਤਾਨੀ ਚੈਨਲ ‘ਤੇ ਇੰਟਰਵਿਊ ਦੌਰਾਨ ਕਿਹਾ ਕਿ ਭਾਰਤ ਵਿੱਚ ਮੁਸਲਮਾਨਾਂ ਨੂੰ ਗਊ ਰੱਖਿਆ ਦੇ ਨਾਂਅ ‘ਤੇ ਮਾਰਿਆ ਜਾ ਰਿਹਾ ਹੈ ਅਤੇ ਦਲਿਤ, ਮੁਸਲਮਾਨ, ਇਸਾਈ ਸਭ ਦੀ ਹਾਲਤ ਇੱਕੋ ਜਿਹੀ ਹੈ।


ਚੈਨਲ ਦੇ ਐਂਕਰ ਦੇ ਇਹ ਕਹਿਣ ਉੱਤੇ ਕਿ ਤੁਸੀਂ ਇਸ ਤਰ੍ਹਾਂ ਕਿਸੇ ਉੱਤੇ ਵੀ ਦੋਸ਼ ਨਹੀਂ ਲਾ ਸਕਦੇ, ਆਸਿਫ ਨੇ ਕਿਹਾ ਕਿ ਭਾਰਤ ਦੇ ਉੱਤਰ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਸਿਰਫ ਇਸ ਲਈ ਬਹੁਮਤ ਨਾਲ ਜਿੱਤ ਗਈ ਕਿ ਉਥੇ ਭਾਜਪਾ ਨੇ ਫਿਰਕੂਵਾਦ ਫੈਲਾਇਆ ਹੋਇਆ ਸੀ। ਫਿਰਕੂਵਾਦੀ ਸਵਰਨ ਜਾਤਾਂ, ਜਿਨ੍ਹਾਂ ਵਿੱਚ ਜ਼ਿਆਦਾਤਰ ਹਿੰਦੂ ਸਨ, ਨੇ ਉਥੇ ਭਾਜਪਾ ਦੀ ਸਰਕਾਰ ਬਣਾਈ ਹੈ।

ਉਨ੍ਹਾਂ ਨੇ ਯੂ ਐੱਨ ਓ ਵਿੱਚ ਦਹਿਸ਼ਤਗਰਦੀ ‘ਤੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਲਾਏ ਗਏ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਸੁਸ਼ਮਾ ਸਵਰਾਜ ਨੇ ਪਾਕਿਸਤਾਨ ‘ਤੇ ਦਹਿਸ਼ਤਗਰਦਾਂ ਨੂੰ ਭੇਜਣ ਨੂੰ ਦਾ ਦੋਸ਼ ਲਾਇਆ ਹੈ, ਜਦ ਕਿ ਇੱਕ ਦਹਿਸ਼ਤਗਰਦ ਖੁਦ ਭਾਰਤ ਦਾ ਪ੍ਰਧਾਨ ਮੰਤਰੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਸ਼ਾਸਨ ਇੱਕ ਦਹਿਸ਼ਤਗਰਦ ਪਾਰਟੀ ਆਰ ਐਸ ਐਸ ਦੇ ਹੱਥ ਵਿੱਚ ਹੈ।

ਵਰਨਣ ਯੋਗ ਹੈ ਕਿ ਯੂ ਐੱਨ ਜਨਰਲ ਅਸੈਂਬਲੀ ਦੇ ਸੈਸ਼ਨ ਵਿੱਚ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਸੀ ਕਿ ਭਾਰਤ ਨੇ ਆਈ ਆਈ ਟੀ, ਆਈ ਆਈ ਐੱਮ ਵਰਗੀਆਂ ਸੰਸਥਾਵਾਂ ਬਣਾਈਆਂ ਹਨ, ਉਥੇ ਪਾਕਿਸਤਾਨ ਨੇ ਲਸ਼ਕਰਏ ਤਾਇਬਾ, ਜੈਸ਼ ਏ ਮੁਹੰਮਦ ਵਰਗੇ ਅੱਤਵਾਦੀ ਸੰਗਠਨ ਬਣਾਏ ਹਨ। ਸੁਸ਼ਮਾ ਨੇ ਕਿਹਾ ਸੀ ਕਿ ਪਾਕਿਸਤਾਨ ਦੁਨੀਆ ਵਿੱਚ ਦਹਿਸ਼ਤਗਰਦ ਭੇਜ ਰਿਹਾ ਹੈ।