ਲੰਡਨ: ਬਰਤਾਨੀਆ ਦੇ ਹੇਜ ਸ਼ਹਿਰ ਵਿੱਚੋਂ ਲਾਪਤਾ ਪੰਜਾਬਣ ਮਹਿਲਾ ਪ੍ਰਦੀਪ ਕੌਰ ਦੇ ਕਤਲ ਦੀ ਗੁੱਥੀ ਸੁਲਝਾਉਣਾ ਇੱਥੋਂ ਦੀ ਪੁਲਿਸ ਲਈ ਵੱਡਾ ਸਵਾਲ ਬਣ ਗਿਆ ਹੈ। ਪ੍ਰਦੀਪ ਦਾ ਕਤਲ ਉਸ ਵਕਤ ਹੋ ਗਿਆ ਸੀ ਜਦੋਂ ਉਹ ਆਪਣੇ ਕੰਮ ਉੱਤੇ ਜਾ ਰਹੀ ਸੀ।


ਪ੍ਰਦੀਪ ਦੇ ਲਾਪਤਾ ਹੋਣ ਤੋਂ ਬਾਅਦ ਪੁਲਿਸ ਨੂੰ ਹਫਤੇ ਬਾਅਦ ਉਸ ਦੀ ਲਾਸ਼ ਬਰਾਮਦ ਹੋਈ। ਉਸ ਦੀ ਲਾਸ਼ ਹਾਰਲਿੰਗਟਨ ਹਾਈ ਸਟਰੀਟ ਦੇ ਵੈਸਟ ਲੈਂਡ ਇਲਾਕੇ ਵਿੱਚੋਂ ਬਰਾਮਦ ਕੀਤੀ। ਇਹ ਉਹ ਇਲਾਕਾ ਹੈ ਜਿਸ ਰਾਹੀਂ ਪ੍ਰਦੀਪ ਰੋਜ਼ਾਨਾ ਆਪਣੇ ਕੰਮ ਉਤੇ ਪੈਦਲ ਜਾਂਦੀ ਸੀ। ਇੱਥੋਂ ਦੇ ਸਥਾਨਕ ਹੀਥਰੋ ਹੋਟਲ ਵਿੱਚ ਹਾਊਸ ਕੀਪਰ ਵਜੋਂ ਕੰਮ ਕਰਨ ਵਾਲੀ ਪ੍ਰਦੀਪ ਨੂੰ ਅੰਤਿਮ ਵਾਰ 16 ਅਕਤੂਬਰ ਨੂੰ ਹਾਰਲਿੰਗਟਨ ਸਟਰੀਟ ਵਿੱਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਸ ਦਾ ਕੁਝ ਵੀ ਪਤਾ ਨਹੀਂ ਸੀ।

ਪੁਲਿਸ ਦੀ ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪ੍ਰਦੀਪ ਜਿਸ ਸਮੇਂ ਕੰਮ ਉੱਤੇ ਜਾ ਰਹੀ ਸੀ, ਉਸੇ ਦੌਰਾਨ ਉਸ ਉੱਤੇ ਹਮਲਾ ਕੀਤਾ ਗਿਆ। ਇਸ ਕਾਰਨ ਉਸ ਦੀ ਜਾਨ ਚਲੀ ਗਈ। ਪੁਲਿਸ ਨੇ ਸ਼ੱਕ ਦੇ ਆਧਾਰ ਉੱਤੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਪਰ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਛੱਡ ਦਿੱਤਾ ਗਿਆ। ਹੇਜ ਪੁਲਿਸ ਨੇ ਪ੍ਰਦੀਪ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਦੀ ਅਪੀਲ ਆਮ ਲੋਕਾਂ ਨੂੰ ਕੀਤੀ ਹੈ।