ਚੰਡੀਗੜ੍ਹ: ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੀ ਗੂੰਜ ਬ੍ਰਿਟਿਸ਼ ਸੰਸਦ ਤੱਕ ਪਹੁੰਚ ਗਈ ਹੈ। ਯੂਕੇ ਦੀ ਸੰਸਦ ਵਿੱਚ ਕਿਸਾਨ ਅੰਦੋਲਨ ਬਾਰੇ ਚਰਚਾ ਹੋਈ। ਚਰਚਾ ਦੌਰਾਨ ਕਿਸਾਨਾਂ ਉੱਪਰ ਪਾਣੀਆਂ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ 'ਤੇ ਫਿਕਰ ਜਾਹਿਰ ਕੀਤਾ ਗਿਆ।



ਦੱਸ ਦਈਏ ਕਿ ਇਹ ਚਰਚਾ ਭਾਰਤੀ ਮੂਲ ਦੇ ਵਿਅਕਤੀ ਗੁਰਚਰਨ ਸਿੰਘ ਵੱਲੋਂ ਪਾਈ ਈ-ਪਟੀਸ਼ਨ ਦੇ ਅਧਾਰ ਉੱਤੇ ਕੀਤੀ ਗਈ। ਵੈਸਟ ਮਨਿਸਟਰ ਹਾਲ ਵਿੱਚ ਚਰਚਾ ਦੀ ਸ਼ੁਰੂਆਤ ਵਿੱਚ ਸੰਸਦ ਮੈਂਬਰ ਮਾਰਟਿਨ ਡੇਅ ਨੇ ਜਿੱਥੇ ਕਿਸਾਨ ਸੰਕਟ ਦੀ ਗੱਲ ਕੀਤੀ, ਉੱਥੇ ਭਾਰਤ ਵਿੱਚ ਪੱਤਰਕਾਰਾਂ ਖ਼ਿਲਾਫ਼ ਕਾਰਵਾਈ, 26 ਜਨਵਰੀ ਦੀ ਹਿੰਸਾ ਦਾ ਜ਼ਿਕਰ ਕੀਤਾ ਗਿਆ।

ਚਰਚਾ ਦੌਰਾਨ ਸਟੌਕਿਸ਼ ਨੈਸ਼ਲਿਸਟ ਪਾਰਟੀ ਦੇ ਸੰਸਦ ਮੈਂਬਰ ਮਾਰਟਿਨ ਡੇਅ ਨੇ ਕਿਹਾ ਕਿ ਦਿੱਲੀ ਬਾਰਡਰ 'ਤੇ ਬੈਠੇ ਕਈ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਕਿਸਾਨਾਂ ਉੱਪਰ ਪਾਣੀਆਂ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲਿਆਂ ਵਰਤੇ ਗਏ ਹਨ। ਸਮਾਜਿਕ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਅੰਦੋਲਨ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਮਾਰਟਿਨ ਡੇਅ ਨੇ ਕਿਹਾ ਕਿ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਜੋ ਲੋਕਾਂ ਦੇ ਮੂਲ ਹੱਕਾਂ ਦਾ ਘਾਣ ਹੈ। ਪ੍ਰੈੱਸ ਦੀ ਆਜ਼ਾਦੀ ਤੇ ਪ੍ਰਦਰਸ਼ਨ ਕਰਨ ਦਾ ਹੱਕ ਹਰ ਲੋਕਤੰਤਰ 'ਚ ਹੁੰਦਾ ਹੈ।

ਉਧਰ, ਭਾਰਤੀ ਹਾਈ ਕਮਿਸ਼ਨ ਨੇ ਕਿਸਾਨ ਅੰਦੋਲਨ ਨਾਲ ਜੁੜੇ ਮੁੱਦੇ 'ਤੇ ਯੂਕੇ 'ਚ ਚਲਾਈ ਗਈ ਈ-ਪਟੀਸ਼ਨ ਮੁਹਿੰਮ ਦੇ ਜਵਾਬ ਵਿੱਚ ਕਿਹਾ ਹੈ ਕਿ ਯੂਕੇ ਦੀ ਸੰਸਦ ਵਿੱਚ ਸੰਸਦ ਮੈਂਬਰਾਂ ਵਿਚਾਲੇ ਹੋਈ ਚਰਚਾ ਇੱਕਪਾਸੜ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਗੱਲ 'ਤੇ ਅਫਸੋਸ ਹੈ ਕਿ ਇੱਕ ਸੰਤੁਲਿਤ ਬਹਿਸ ਦੀ ਬਜਾਏ, ਝੂਠੇ ਦਾਅਵੇ, ਬਿਨਾਂ ਪੁਸ਼ਟੀ ਵਾਲੇ ਤੱਥਾਂ ਨੂੰ ਆਧਾਰ ਬਣਾ ਕੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਢਾਹ ਲਗਾਈ ਹੈ।