Morocco Earthquake: ਉੱਤਰੀ ਅਫਰੀਕੀ ਦੇਸ਼ ਮੋਰੱਕੋ 'ਚ ਭੂਚਾਲ ਨੇ ਜ਼ਬਰਦਸਤ ਤਬਾਹੀ ਮਚਾ ਦਿੱਤੀ ਹੈ। ਦੱਸ ਦਈਏ ਕਿ ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਕਈ ਇਮਾਰਤਾਂ ਜ਼ਮੀਨ 'ਚ ਧਸ ਗਈਆਂ। ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ (USGS) ਦੇ ਅਨੁਸਾਰ, ਪਿਛਲੇ 120 ਸਾਲਾਂ ਵਿੱਚ ਉੱਤਰੀ ਅਫਰੀਕਾ ਵਿੱਚ ਆਉਣ ਵਾਲਾ ਇਹ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਮੰਨਿਆ ਜਾ ਰਿਹਾ ਹੈ।


ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 6.8 ਮਾਪੀ ਗਈ ਹੈ। ਭੂਚਾਲ ਕਾਰਨ ਹੋਈ ਤਬਾਹੀ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।


ਮੋਰੱਕੋ ਦੇ ਮਰਾਕੇਸ਼ ਸ਼ਹਿਰ ਵਿੱਚ ਹੋਈ ਤਬਾਹੀ ਨੇ ਸਥਾਨਕ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਨਿਊਜ਼ ਏਜੰਸੀ ਐਫਪੀ ਮੁਤਾਬਕ ਭੂਚਾਲ ਕਾਰਨ ਹੁਣ ਤੱਕ ਕੁੱਲ 820 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 329 ਲੋਕ ਜ਼ਖ਼ਮੀ ਹੋ ਗਏ ਹਨ। ਕਈ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।


ਇਹ ਵੀ ਪੜ੍ਹੋ: Bank News : 30 ਸਤੰਬਰ ਤੱਕ ਕਰਲੋ ਆਹ ਕੰਮ, ਨਹੀਂ ਤਾਂ ਖਾਤਾ ਹੋ ਸਕਦਾ ਫ੍ਰੀਜ਼


ਸ਼ਕਤੀਸ਼ਾਲੀ ਭੂਚਾਲ ਕਾਰਨ ਕਈ ਇਮਾਰਤਾਂ ਢਹਿ ਗਈਆਂ। ਮੋਰੱਕੋ 'ਚ ਹੋਈ ਤਬਾਹੀ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਭੂਚਾਲ ਕਾਰਨ ਪੂਰੀ ਇਮਾਰਤ ਜ਼ਮੀਨ 'ਚ ਧਸ ਗਈ।






ਮੋਰੱਕੋ ਦੇ ਮਰਾਕੇਸ਼ ਸ਼ਹਿਰ ਦੇ ਮਸ਼ਹੂਰ ਜਾਮਾ ਅਲ ਫਨਾ ਚੌਕ ਨੇੜੇ ਬਣੀ ਮਸਜਿਦ ਭੂਚਾਲ ਕਾਰਨ ਢਹਿ ਗਈ। ਜਿਸ ਥਾਂ 'ਤੇ ਇਹ ਮਸਜਿਦ ਬਣਾਈ ਗਈ ਸੀ, ਉਸ ਨੂੰ ਸ਼ਹਿਰ ਦੇ ਰੁਝੇਵਿਆਂ ਭਰੇ ਇਲਾਕਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਭੂਚਾਲ ਕਾਰਨ ਮਸਜਿਦ ਦਾ ਮੁੱਖ ਹਿੱਸਾ ਢਹਿ ਗਿਆ।






ਭੂਚਾਲ ਕਾਰਨ ਇਮਾਰਤਾਂ ਢਹਿ ਜਾਣ ਕਾਰਨ ਆਸਪਾਸ ਦੇ ਇਲਾਕੇ ਧੂੰਏਂ ਦੀ ਲਪੇਟ ਵਿੱਚ ਆ ਗਏ। ਸਥਾਨਕ ਲੋਕ ਆਪਣੇ ਘਰਾਂ ਤੋਂ ਭੱਜਦੇ ਅਤੇ ਚੀਕਦੇ ਹੋਏ ਨਜ਼ਰ ਆਏ। ਸਥਾਨਕ ਪ੍ਰਸ਼ਾਸਨ ਮੁਤਾਬਕ ਭੂਚਾਲ ਦਾ ਕੇਂਦਰ ਮਰਾਕੇਸ਼ ਸ਼ਹਿਰ ਤੋਂ ਕਰੀਬ 75 ਕਿਲੋਮੀਟਰ ਦੂਰ ਸੀ।






ਮੋਰੱਕੋ ਵਿੱਚ ਪਿਛਲੇ 120 ਸਾਲਾਂ ਵਿੱਚ ਅਜਿਹਾ ਭੂਚਾਲ ਨਹੀਂ ਆਇਆ ਹੈ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਲੋਕਾਂ 'ਚ ਦਹਿਸ਼ਤ ਫੈਲ ਗਈ ਹੈ। ਉਹ ਆਪਣੇ ਘਰਾਂ ਵਿੱਚ ਵਾਪਸ ਜਾਣ ਤੋਂ ਡਰ ਰਹੇ ਹਨ। ਅਜਿਹੇ 'ਚ ਕਈ ਲੋਕਾਂ ਨੇ ਸੜਕ ਕਿਨਾਰੇ ਰਾਤ ਕੱਟੀ।






ਇਮਾਰਤਾਂ ਡਿੱਗਣ ਕਰਕੇ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਕਈ ਇਲਾਕਿਆਂ 'ਚ ਰਾਹਤ ਅਤੇ ਬਚਾਅ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉੱਥੇ ਹੀ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਸਥਾਨਕ ਲੋਕ ਵੀ ਅੱਗੇ ਆ ਰਹੇ ਹਨ।


ਇਹ ਵੀ ਪੜ੍ਹੋ: G20 Summit 2023: ਕ੍ਰਿਪਟੋਕਰੰਸੀ ‘ਤੇ ਦੁਨੀਆ ਭਰ ‘ਚ ਲੱਗਣ ਵਾਲਾ ਬੈਨ? ਜੀ-20 ਸਿਖਰ ਸੰਮੇਲਨ ‘ਚ ਇਸ ਗੱਲ ‘ਤੇ ਬਣੀ ਸਹਿਮਤੀ