ਚੰਡੀਗੜ੍ਹ: ਪਿਛਲੇ ਸਾਲ ਮਾਰਚ ਵਿੱਚ ਕ੍ਰੈਸ਼ ਹੋਏ ਯੂਐਸ-ਬਾਂਗਲਾ ਏਅਰਲਾਈਨ ਦੇ ਜਹਾਜ਼ ਨਾਲ ਸਬੰਧਤ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪਾਇਲਟ ਕਾਕਪਿਟ ’ਚ ਬੈਠ ਕੇ ਸਿਗਰਟ ਪੀ ਰਿਹਾ ਸੀ। ਕਾਕਪਿਟ ਉਹ ਥਾਂ ਹੁੰਦੀ ਹੈ, ਜਿੱਥੇ ਬੈਠ ਕੇ ਪਾਇਲਟ ਜਹਾਜ਼ ਉਡਾਉਂਦੇ ਹਨ। ਇੱਥੇ ਕਿਸੇ ਤਰ੍ਹਾਂ ਦੀ ਸਮੋਕਿੰਗ ਦੀ ਇਜਾਜ਼ਤ ਨਹੀਂ ਹੁੰਦੀ। ਪਾਇਲਟ ਇਸ ਨਿਯਮ ਨੂੰ ਜਾਣਦਾ ਸੀ ਪਰ ਇਸ ਦੇ ਬਾਵਜੂਦ ਉੱਥੇ ਬੈਠ ਕੇ ਸਿਗਰਟ ਪੀ ਰਿਹਾ ਸੀ।

ਦਰਅਸਲ ਕਾਕਪਿਟ ਵਾਇਸ ਰਿਕਾਰਡਰ (ਸੀਵੀਆਰ) ਦੀ ਪੜਤਾਲ ਦੇ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਹੈ। ਜਾਂਚ ਅਧਿਕਾਰੀਆਂ ਦੇ ਪੈਨਲ ਨੇ ਦੱਸਿਆ ਹੈ ਕਿ ਪਾਇਲਟ ਇਨ ਕਮਾਂਡ (ਪੀਆਈਸੀ) ਕਾਕਪਿਟ ਵਿੱਚ ਸਿਗਰਟਨੋਸ਼ੀ ਕਰ ਰਿਹੀ ਸੀ। ਹਾਲਾਂਕਿ ਇਸ ਜਾਣਕਾਰੀ ਦੇ ਬਾਵਜੂਦ ਪੈਨਲ ਨੂੰ ਪੱਕਾ ਯਕੀਨ ਨਹੀਂ ਕਿ ਦੁਰਘਟਨਾ ਇਸ ਵਜ੍ਹਾ ਕਰਕੇ ਹੀ ਵਾਪਰੀ ਸੀ।

ਜ਼ਿਕਰਯੋਗ ਹੈ ਕਿ 12 ਮਾਰਚ ਨੂੰ ਨੇਪਾਲ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ ਤੋਂ ਤੁਰੰਤ ਬਾਅਦ ਜਹਾਜ਼ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ਵਿੱਚ 51 ਲੋਕ ਮਾਰੇ ਗਏ। ਜਹਾਜ਼ ਵਿੱਚ ਕੁੱਲ 67 ਲੋਕ ਸਵਾਰ ਸਨ। ਮਰਨ ਵਾਲਿਆਂ ਵਿੱਚ ਜਹਾਜ਼ ਦੇ ਸਾਰੇ ਕਰੂ ਮੈਂਬਰ ਵੀ ਸ਼ਾਮਲ ਸਨ। ਜਹਾਜ਼ ਹਵਾਈ ਪੱਟੀ ਤੋਂ ਫਿਸਲ ਕੇ ਫੁਟਬਾਲ ਦੇ ਮੈਦਾਨ ਵਿੱਚ ਜਾ ਡਿੱਗਾ ਜਿਸ ਦੇ ਬਾਅਦ ਇਸ ਨੂੰ ਅੱਗ ਲੱਗ ਗਈ ਸੀ। ਇਸ ਹਾਦਸੇ ਸਬੰਧੀ ਜਾਂਚ ਕਰਨ ਲਈ ਨੇਪਾਲ ਸਰਕਾਰ ਦੀ ਅਗਵਾਈ ਵਿੱਚ ਜਾਂਚ ਅਧਿਕਾਰੀ ਨਿਯੁਕਤ ਕੀਤੇ ਗਏ ਸਨ।