ਓਟਾਵਾ: ਕੈਨੇਡਾ ‘ਚ ਫੈਡਰੇਲ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਦਾ ਪ੍ਰਚਾਰ ਜ਼ੋਰਾਂ ‘ਤੇ ਚਲ ਰਿਹਾ ਹੈ। ਅਜਿਹੇ ‘ਚ ਕੁਝ ਦਿਨ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇੱਕ ਬਲੈਕ ਫੇਸ ਤਸਵੀਰ ਖੂਬ ਸੂਰਖੀਆਂ ‘ਚ ਛਾਈ ਹੋਈ ਹੈ। ਜਿਸ ‘ਤੇ ਜਸਟਿਨ ਨੇ ਮੁਆਫੀ ਵੀ ਮੰਗ ਲਈ ਹੈ ਅਤੇ ਉਨ੍ਹਾਂ ਵੱਲੋਂ ਆਪਣੀ ਹਰ ਰੈਲੀ ‘ਚ ਪਹਿਲਾਂ ਇਸ ਤਸਵੀਰ ‘ਤੇ ਸਫਾਈ ਪੇਸ਼ ਕੀਤੀ ਜਾਂਦੀ ਹੈ ਨਾਲ ਹੀ ਉਹ ਮੁਆਫੀ ਵੀ ਮੰਗ ਰਹੇ ਹਨ।

ਪਰ ਵਿਰੋਧੀ ਧੀਰ ਇਸ ਮਸਲੇ ਨੂੰ ਠੰਡਾ ਨਹੀ ਪੈਣ ਦੇ ਰਹੇ। ਜਸਟਿਨ ਟਰੂਡੋ ਦੀ ਪਾਰਟੀ ਨੇ 2015 ‘ਚ ਇਤਿਹਾਸਕ ਜਿੱਤ ਹਾਸਲ ਕੀਤੀ ਸੀ। ਜਿਸ ਤੋਂ ਬਾਅਦ ਇਸ ਵਾਰ ਉਨ੍ਹਾਂ ਦੀ ਪਾਰਟੀ ਨੈਤਿਕਤਾ ‘ਚ ਚੁੱਕ ਅਤੇ ਹੋਰ ਕਈ ਵਿਵਾਦਾਂ ਕਰਕੇ ਵਿਰੋਧੀ ਧੀਰਾਂ ਦੇ ਨਿਸ਼ਾਨੇ ‘ਤੇ ਹਨ। ਟਰੂਡੋ ਦੀ ਵਾਇਰਲ ਤਸਵੀਰ 2001 ‘ਚ ਸਕੂਲ ਪਾਰਟੀ ਦੀ ਹੈ ਜਿਸ ‘ਚ ਉਸ ਨੇ ਪੱਗ ਪਾਈ ਹੈ ਅਤੇ ਚਮੜੀ ‘ਤੇ ਕਾਲਾ ਰੰਗ ਕੀਤਾ ਹੈ।

ਪ੍ਰਧਾਨ ਮੰਤਰੀ ਟਰੂਡੋ ਆਪਣੀ ਸਫਾਈ ‘ਚ ਕਹਿ ਚੁੱਕੇ ਹਨ ਕਿ ਮੈਂ ਨਸਲਵਾਦੀ ਟਿੱਪਣੀਆਂ ਦਾ ਸ਼ਿਕਾਰ ਹੋਏ ਲੋਕਾਂ ਦਾ ਦਰਦ ਸਮਝਦਾ ਹਾਂ, ਮੈਂ ਆਪਣੀ ਸਾਰੀ ਉਮਰ ਦੀ ਸਿਆਸਤ ‘ਚ ਨਸਲਵਾਦ ਅਤੇ ਭੇਦਭਾਅ ਦਾ ਵਿਰੋਧ ਕੀਤਾ ਹੈ। ਪਰ ਅੇਨਡੀਪੀ ਦੇ ਪੀਐਮ ਅਹੂਦੇ ਦੇ ਉਮੀਦਵਾਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਲੋਕਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਨੇ ਨਸਲਵਾਦ ਦਾ ਸ਼ਿਕਾਰ ਹੋਏ ਲੋਕਾਂ ਦੇ ਜ਼ਖ਼ਮਾਂ ਨੂੰ ਮੁੜ ਹਰਾ ਕੀਤਾ ਹੈ।

ਉਧਰ ਕੰਜ਼ਰਵੇਟਿਵ ਪਾਰਟੀ ਦੇ ਪੀਐਮ ਅਹੂਦੇ ਦੇ ਉਮੀਦਵਾਰ ਐਂਡਰਿਊ ਸ਼ਿਅਰ ਦਾ ਕਹਿਣਾ ਹੈ ਕਿ ਜਸਟਿਨ ਟਰੂਡੋ ਹਰ ਵਾਰ ਸਿਰਫ ਮੁਆਫੀ ਹੀ ਮੰਗਦੇ ਹਨ। ਇਸ ਫੋਟੋ ਦੇ ਸਾਹਮਣੇ ਆਉਣ ਨਾਲ ਟਰੂਡੋ ਦਾ ਅਸਲ ਸੱਚ ਸਾਹਮਣੇ ਆ ਗਿਆ ਹੈ।