ਕਾਠਮੰਡੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੇਪਾਲ ਦੌਰੇ ਦੇ ਆਖਰੀ ਦਿਨ ਭਾਰਤ-ਨੇਪਾਲ ਦੇ ਆਪਸੀ ਰਿਸ਼ਤਿਆਂ 'ਤੇ ਗੱਲਬਾਤ ਦੇ ਇਲਾਵਾ ਉਥੋਂ ਦੇ ਕਈ ਮੰਦਰਾਂ ਦੇ ਦਰਸ਼ਨ ਕੀਤੇ। ਮੋਦੀ ਨੇ ਨੇਪਾਲ ਦੇ ਪਸ਼ੂਪਤੀਨਾਥ ਮੰਦਰ, ਜਾਨਕੀ ਮੰਦਰ ਤੇ ਮੁਕਤੀਨਾਥ ਮੰਦਰ ਦੇ ਦਰਸ਼ਨ ਵੀ ਕੀਤੇ ਤੇ ਤਕਰੀਬਨ ਹਰ ਮੰਦਿਰ ਵਿੱਚ ਢੋਲ ਤੇ ਮੰਜਿਰਾ ਆਦਿ ਵੀ ਵਜਾਇਆ। ਦੂਜੇ ਪਾਸੇ ਮੋਦੀ ਦੇ ਮੰਦਰ ਜਾਣ ਨੂੰ ਲੈਕੇ ਕਾਂਗਰਸ ਨੇਤਾ ਅਸ਼ੋਕ ਗਹਿਲੋਤ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇਪਾਲ ਦੇ ਮੰਦਰਾਂ 'ਚ ਜਾ ਕੇ ਕਰਨਾਟਕ ਚੋਣਾਂ ਤੇ ਪ੍ਰਭਾਵ ਪਾਉਣ ਦਾ ਯਤਨ ਕਰ ਰਹੇ ਹਨ।


 

ਮੋਦੀ ਨੇ ਆਪਣੀ ਯਾਤਰਾ ਦੀ ਸ਼ੁਰੂਆਤ ਮਾਤਾ ਸੀਤਾ ਦੇ ਜਨਮ ਸਥਾਨ ਜਨਕਪੁਰ ਤੋਂ ਕੀਤੀ। ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਆਪਣੇ ਦੌਰੇ ਦੀ ਸ਼ੁਰੂਆਤ ਕਾਠਮੰਡੂ ਦੀ ਬਜਾਇ ਜਨਕਪੁਰ ਤੋਂ ਕੀਤੀ। ਇਥੋਂ ਦੇ ਜਾਨਕੀ ਮੰਦਰ ਪਹੁੰਚ ਕੇ ਮੋਦੀ ਪੂਜਾ 'ਚ ਸ਼ਾਮਲ ਹੋਏ ਤੇ ਮੰਦਰ 'ਚ ਮੰਜੀਰਾ ਵੀ ਵਜਾਇਆ।

ਇਸ ਤੋਂ ਬਾਅਦ ਦੌਰੇ ਦੇ ਦੂਜੇ ਦਿਨ ਮੋਦੀ ਮੁਕਤੀਨਾਥ ਮੰਦਰ ਪਹੁੰਚੇ ਜਿੱਥੇ ਉਨ੍ਹਾਂ ਪੂਜਾ ਤੋਂ ਬਾਅਦ ਢੋਲ ਵੀ ਵਜਾਇਆ।

ਆਪਣੇ ਦੌਰੇ ਦੇ ਆਖਰੀ ਦਿਨ ਮੋਦੀ ਨੇ ਪਸ਼ੂਪਤੀਨਾਥ ਮੰਦਰ ਦੇ ਦਰਸ਼ਨ ਕੀਤੇ। ਇੱਥੇ ਉਨ੍ਹਾਂ ਖਾਸ ਤੌਰ 'ਤੇ ਭਗਵਾਨ ਸ਼ਿਵ ਦੀ ਪੂਜਾ ਕੀਤੀ।