ਵਾਸ਼ਿੰਗਟਨ: ਅਮਰੀਕਾ ਦੇ ਲਾਸ ਏਂਜਲਸ ਵਿੱਚ ਪੁਲਿਸ ਨੇ ਦੋ ਔਰਤਾਂ ਦਾ ਕਤਲ ਕਰ ਫਰਾਰ ਹੋਏ ਤੇ ਇੱਕ ਸੁਪਰ ਮਾਰਕਿਟ ਵਿੱਚ ਲੋਕਾਂ ਨੂੰ ਬੰਧਕ ਬਣਾਉਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਕਰੀਬ 3 ਘੰਟੇ ਦੇ ਮੁਕਾਬਲੇ ਤੋਂ ਬਾਅਦ ਉਕਤ ਹਮਲਾਵਰ ਨੂੰ ਪੁਲਿਸ ਨੇ ਕਾਬੂ ਕਰ ਲਿਆ। ਮੁਕਾਬਲੇ ਦੌਰਾਨ ਇੱਕ ਮਹਿਲਾ ਦੀ ਜਾਨ ਚਲੀ ਗਈ।
ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਇਸ ਹਮਲਾਵਰ ਨੇ ਆਪਣੀ ਦਾਦੀ ਤੇ ਆਪਣੀ ਪ੍ਰੇਮਿਕਾ ਨੂੰ ਗੋਲੀ ਮਾਰ ਦਿੱਤੀ ਅਤੇ ਫਿਰ ਪੁਲਿਸ ਦੇ ਸਾਹਮਣਿਉਂ ਬਚਣ ਲਈ ਗੱਡੀ ਦੌੜਾ ਲਈ। ਇਹ ਕਾਰ-ਚੇਜ਼ ਉਸ ਵੇਲੇ ਮੁੱਕੀ, ਜਦ ਸ਼ਖਸ ਦੀ ਕਾਰ ਇੱਕ ਖੰਭੇ ਨਾਲ ਜਾ ਟਕਰਾਈ। ਪਰ ਫੇਰ ਇਹ ਵਿਅਕਤੀ ਇੱਕ ਸੁਪਰ ਮਾਰਕਿਟ ਵਿੱਚ ਦਾਖਲ ਹੋ ਗਿਆ।
ਪੁਲਿਸ ਨੇ ਗੋਲੀਆਂ ਚਲਾ ਕੇ ਸੁਪਰ ਮਾਰਕਿਟ ਦੇ ਸਾਹਮਣੇ ਵਾਲੇ ਦਰਵਾਜੇ ਤੋੜ ਦਿੱਤੇ। ਪਰ ਸਟੋਰ ਵਿਚ ਮੌਜੂਦ ਲੋਕਾਂ ਨੂੰ ਬੰਧਕ ਬਣਾਉਣ ਤੋਂ ਕਰੀਬ 3 ਘੰਟੇ ਬਾਅਦ ਉਸਨੇ ਸਮਰਪਣ ਕਰ ਦਿੱਤਾ। ਲਾਸ ਐਂਜਲਿਸ ਦੇ ਮੇਅਰ ਐਰਿਕ ਗਾਰਸੈਟੀ ਨੇ ਦੱਸਿਆ ਕਿ, ਸੁਪਰ ਮਾਰਕਿਟ ਵਿਚ ਇੱਕ ਮਹਿਲਾ ਦੀ ਮੌਤ ਹੋ ਗਈ। ਪੂਰੀ ਘਟਨਾ ਸ਼ਨੀਵਾਰ ਦੁਪਹਿਰ ਵਾਪਰੀ।
ਪੁਲਿਸ ਨੇ ਇਸ ਵਿਅਕਤੀ ਦਾ ਨਾਂਅ ਜਨਤਕ ਨਹੀਂ ਕੀਤਾ। ਪਰ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ, ਉਸ ਨੇ ਆਪਣੀ ਦਾਦੀ ਤੇ ਪ੍ਰੇਮਿਕਾ ਨੂੰ ਦੁਪਹਿਰ ਕਰੀਬ 1.30 ਵਜੇ ਦੱਖਣੀ ਲਾਸ ਐਂਜਲਿਸ ਦੇ ਵਿਚ ਗੋਲੀ ਮਾਰੀ ਅਤੇ ਫੇਰ ਆਪਣੀ 2015 ਟੋਇਟਾ ਕੈਮਰੀ ਦੇ ਵਿੱਚ ਫਰਾਰ ਹੋ ਗਿਆ। ਪੁਲਿਸ ਨੇ ਹਾਲੀਵੁਡ ਨੇੜੇ ਸ਼ੱਕੀ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਆਪਣੀ ਗੱਡੀ ਦੌੜਾ ਲਈ। ਇਹ ਵੀ ਦੱਸਿਆ ਗਿਆ ਕਿ, ਪਿੱਛਾ ਕਰਦੇ ਹੋਏ ਪੁਲਿਸ ਵਾਲਿਆਂ ਤੇ ਵੀ ਸ਼ੱਕੀ ਨੇ ਗੋਲੀਆਂ ਚਲਾਈਆਂ ਸਨ। ਇਸ ਪੂਰੀ ਕਾਰਵਾਈ ਵਿੱਚ ਕੋਈ ਅਫ਼ਸਰ ਜ਼ਖ਼ਮੀ ਨਹੀਂ ਹੋਇਆ।