Karachi Police Head Quarter Attack: ਪਾਕਿਸਤਾਨ ਦੇ ਕਰਾਚੀ 'ਚ ਸ਼ੁੱਕਰਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਪੁਲਿਸ ਹੈੱਡਕੁਆਰਟਰ 'ਤੇ ਹਮਲਾ ਕੀਤਾ। ਇਸ ਹਮਲੇ 'ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 19 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਅੰਕੜਾ ਵੀ ਵਧ ਸਕਦਾ ਹੈ। ਹਾਲਾਂਕਿ ਰਾਤ ਕਰੀਬ 10:35 ਵਜੇ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਪੁਲਿਸ ਹੈੱਡਕੁਆਰਟਰ ਨੂੰ ਅੱਤਵਾਦੀਆਂ ਤੋਂ ਖਾਲੀ ਕਰਵਾ ਲਿਆ। ਪੁਲਿਸ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਇਮਾਰਤ 'ਤੇ ਮੁੜ ਕਬਜ਼ਾ ਕਰ ਲਿਆ।


ਸਿੰਧ ਸਰਕਾਰ ਦੇ ਬੁਲਾਰੇ ਮੁਰਤਜ਼ਾ ਵਹਾਬ ਨੇ ਰਾਤ 10:42 'ਤੇ ਟਵਿੱਟਰ 'ਤੇ ਲਿਖਿਆ, "ਮੈਂ ਹੁਣ ਪੁਸ਼ਟੀ ਕਰ ਸਕਦਾ ਹਾਂ ਕਿ ਕਰਾਚੀ ਪੁਲਿਸ ਦਫਤਰ (ਕੇ. ਪੀ. ਓ.) ਦੀ ਇਮਾਰਤ ਨੂੰ ਅੱਤਵਾਦੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਸਾਡੇ ਜਵਾਨਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। " ਜੀਓ ਨਿਊਜ਼ ਨਾਲ ਵੱਖਰੇ ਤੌਰ 'ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਦੁਹਰਾਇਆ। ਕਿ ਇਮਾਰਤ ਨੂੰ ਸੁਰੱਖਿਅਤ ਕੀਤਾ ਗਿਆ ਹੈ।


ਟੋਇਟਾ ਕੋਰੋਲਾ ਕਾਰ ਤੋਂ ਆਏ ਸਨ ਅੱਤਵਾਦੀ


ਡੀਆਈਜੀ ਈਸਟਰਨ ਮੁਕੱਦਸ ਹੈਦਰ, ਆਪਰੇਸ਼ਨ ਦੀ ਅਗਵਾਈ ਕਰ ਰਹੇ ਸੀਨੀਅਰ ਅਧਿਕਾਰੀਆਂ ਵਿੱਚੋਂ ਇੱਕ ਨੇ ਪਾਕਿਸਤਾਨੀ ਮੀਡੀਆ ਨੂੰ ਦੱਸਿਆ ਕਿ “ਕੁੱਲ ਤਿੰਨ ਹਮਲਾਵਰ ਇੱਕ ਟੋਇਟਾ ਕੋਰੋਲਾ ਕਾਰ ਵਿੱਚ ਕੇਪੀਓ ਪਹੁੰਚੇ। ਇਕ ਹਮਲਾਵਰ ਨੇ ਇਮਾਰਤ ਦੀ ਚੌਥੀ ਮੰਜ਼ਿਲ 'ਤੇ ਆਪਣੇ ਆਪ ਨੂੰ ਉਡਾ ਲਿਆ ਜਦਕਿ ਦੋ ਹੋਰ ਅੱਤਵਾਦੀਆਂ ਨੂੰ ਸਾਡੇ ਜਵਾਨਾਂ ਨੇ ਛੱਤ 'ਤੇ ਗੋਲੀ ਮਾਰ ਦਿੱਤੀ। ਕਰਾਚੀ ਪੁਲਿਸ ਦੇ ਬੁਲਾਰੇ ਨੇ ਵੀ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹੋਏ ਕਿਹਾ, “ਇਹ ਇੱਕ ਵੱਡਾ ਆਪਰੇਸ਼ਨ ਸੀ ਜਿਸ ਵਿੱਚ ਦੱਖਣ ਅਤੇ ਪੂਰਬ ਦੇ ਡੀਆਈਜੀਜ਼ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਰੇਂਜਰਾਂ ਅਤੇ ਸੈਨਾ ਦੇ ਨਾਲ ਹਿੱਸਾ ਲਿਆ ਸੀ। ਅੱਲ੍ਹਾ ਦੀ ਕਿਰਪਾ ਨਾਲ ਕੇਪੀਓ ਅਤੇ ਆਸਪਾਸ ਦੇ ਇਲਾਕਿਆਂ ਨੂੰ ਅੱਤਵਾਦੀਆਂ ਤੋਂ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਗਿਆ ਹੈ।



ਸ਼ਾਮ ਨੂੰ ਵੱਖ-ਵੱਖ ਥਾਵਾਂ 'ਤੇ ਗੋਲੀਬਾਰੀ ਦੀ ਮਿਲੀ ਸੂਚਨਾ 


ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਕਰੀਬ 7:15 ਵਜੇ ਪਾਕਿਸਤਾਨ ਏਅਰਫੋਰਸ ਦੇ ਫੈਸਲ ਬੇਸ ਸਮੇਤ ਕਈ ਰਣਨੀਤਕ ਸਥਾਪਨਾਵਾਂ ਦੇ ਨਾਲ-ਨਾਲ ਕਰਾਚੀ - ਸ਼ਰੀਆ ਫੈਜ਼ਲ ਦੀ ਮੁੱਖ ਸੜਕ 'ਤੇ ਗੋਲੀਬਾਰੀ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਵਾਧੂ ਪੁਲਿਸ ਟੀਮ ਅਤੇ ਰੇਂਜਰਾਂ ਨੂੰ ਮੌਕੇ ’ਤੇ ਬੁਲਾਇਆ ਗਿਆ। ਹਾਲਾਂਕਿ ਪਹਿਲਾ ਹਮਲਾ ਸ਼ਾਮ ਕਰੀਬ 7:10 ਵਜੇ ਹੋਇਆ। ਉਨ੍ਹਾਂ ਕਿਹਾ ਕਿ ਜਦੋਂ ਅਤਿਵਾਦੀ ਪੁਲਿਸ ਹੈੱਡਕੁਆਰਟਰ ਵਿੱਚ ਦਾਖ਼ਲ ਹੋਏ ਤਾਂ ਪੁਲਿਸ ਅੰਦਰ ਨਹੀਂ ਸੀ। ਫਿਲਹਾਲ ਉਹ ਕਰਾਚੀ ਤੋਂ ਬਾਹਰ ਹੈ। ਦੱਸਿਆ ਗਿਆ ਹੈ ਕਿ ਪੁਲਿਸ ਹੈੱਡਕੁਆਰਟਰ 'ਚ ਦਾਖਲ ਹੋਣ ਤੋਂ ਬਾਅਦ ਅੱਤਵਾਦੀ ਵੱਖ-ਵੱਖ ਦਿਸ਼ਾਵਾਂ ਤੋਂ ਬਾਹਰ ਵੀ ਗੋਲੀਬਾਰੀ ਕਰ ਰਹੇ ਸਨ।


 






 


ਪੂਰੀ ਤਿਆਰੀ ਨਾਲ ਆਏ ਸਨ ਅੱਤਵਾਦੀ 


ਦੱਖਣੀ ਜ਼ੋਨ ਦੇ ਡੀਆਈਜੀ ਇਰਫਾਨ ਬਲੋਚ ਨੇ ਦੱਸਿਆ ਕਿ ਰੇਂਜਰਾਂ ਅਤੇ ਕਵਿੱਕ ਰਿਸਪਾਂਸ ਫੋਰਸ (ਕਿਊਆਰਐਫ) ਤੋਂ ਇਲਾਵਾ ਪੂਰੇ ਸ਼ਹਿਰ ਦੀ ਪੁਲਿਸ ਫੋਰਸ ਨੂੰ ਮੌਕੇ ’ਤੇ ਬੁਲਾਇਆ ਗਿਆ ਸੀ। ਹਮਲਾਵਰਾਂ ਨੇ ਹੱਥਗੋਲੇ ਵੀ ਸੁੱਟੇ। ਹਮਲਾਵਰ ਪੂਰੀ ਤਰ੍ਹਾਂ ਤਿਆਰ ਹੋ ਕੇ ਆਏ ਸਨ ਅਤੇ ਸਾਨੂੰ ਸਖ਼ਤ ਟੱਕਰ ਦੇ ਰਹੇ ਸਨ।


ਜੇਪੀਐਮਸੀ ਵਿੱਚ 4 ਲੋਕਾਂ ਦੀ ਹੋ ਗਈ ਮੌਤ


ਸਿੰਧ ਦੇ ਸਿਹਤ ਵਿਭਾਗ ਦੇ ਬੁਲਾਰੇ ਮੇਹਰ ਖੁਰਸ਼ੀਦ ਨੇ ਦੱਸਿਆ ਕਿ ਜਿਨਾਹ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ (ਜੇਪੀਐਮਸੀ) ਵਿੱਚ ਲਿਆਂਦੇ ਗਏ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 19 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਮਰਨ ਵਾਲਿਆਂ ਦੀ ਜਾਣਕਾਰੀ ਦਿੰਦੇ ਹੋਏ ਸਿੰਧ ਸਰਕਾਰ ਦੇ ਬੁਲਾਰੇ ਮੁਰਤਜ਼ਾ ਵਹਾਬ ਨੇ ਕਿਹਾ ਕਿ ਮਰਨ ਵਾਲਿਆਂ 'ਚ ਦੋ ਪੁਲਿਸ ਕਰਮਚਾਰੀ, ਇਕ ਰੇਂਜਰ ਅਧਿਕਾਰੀ ਅਤੇ ਇਕ ਨਾਗਰਿਕ ਸ਼ਾਮਲ ਹੈ।