ਨਿਊ ਬਰੌਂਫਲਜ਼ : ਟੈਕਸਸ ਦੇ ਚਰਚ ਅੰਦਰ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਮਾਸੂਮ ਲੋਕਾਂ ਦੀਆਂ ਜਾਨਾਂ ਲੈਣ ਵਾਲੇ ਵਿਅਕਤੀ ਦੀ ਪਛਾਣ ਅਧਿਕਾਰੀਆਂ ਵੱਲੋਂ ਕਰ ਲਈ ਗਈ ਹੈ। ਅਧਿਕਾਰੀਆਂ ਅਨੁਸਾਰ ਹਮਲਾਵਰ ਏਅਰ ਫੋਰਸ ਵਿੱਚੋਂ ਕੱਢਿਆ ਗਿਆ ਅਧਿਕਾਰੀ ਸੀ। ਜਿਸ ਨੂੰ ਆਪਣੀ ਪਤਨੀ ਤੇ ਬੱਚੇ ਉੱਤੇ ਕਥਿਤ ਤੌਰ ਉੱਤੇ ਹਮਲਾ ਕਰਨ ਦੇ ਦੋਸ਼ ਵਿੱਚ ਨੌਕਰੀ ਤੋਂ ਕੱਢਿਆ ਗਿਆ ਸੀ। ਇਹ ਜਾਣਕਾਰੀ ਏਅਰ ਫੋਰਸ ਦੀ ਤਰਜ਼ਮਾਨ ਨੇ ਦਿੱਤੀ।


ਐਨ ਸਟੇਫੈਨੇਕ ਨਾਂ ਦੀ ਇਸ ਤਰਜ਼ਮਾਨ ਨੇ ਦੱਸਿਆ ਕਿ ਡੈਵਿਨ ਕੈਲੀ ਨਾਂ ਦੇ ਇਸ ਵਿਅਕਤੀ ਦਾ 2012 ਵਿੱਚ ਕੋਰਟ ਮਾਰਸ਼ਲ ਕੀਤਾ ਗਿਆ ਸੀ ਤੇ ਉਸ ਨੂੰ 12 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸ ਉੱਤੇ ਮਾੜੇ ਵਿਵਹਾਰ ਦਾ ਧੱਬਾ ਲੱਗਿਆ ਤੇ ਉਸ ਦੇ ਰੈਂਕ ਵਿੱਚ ਵੀ ਕਮੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੈਲੀ ਨੇ 2010 ਤੋਂ 2014 ਤੱਕ ਨੌਕਰੀ ਤੋਂ ਡਿਸਚਾਰਜ ਕੀਤੇ ਜਾਣ ਤੱਕ ਨਿਊ ਮੈਕਸਿਕੋ ਦੀ ਹੌਲੋਮੈਨ ਏਅਰ ਫੋਰਸ ਬੇਸ ਵਿੱਚ ਲਾਜਿਸਟਿਕ ਰੈਡੀਨੈੱਸ ਬ੍ਰਾਂਚ ਵਿੱਚ ਸੇਵਾ ਨਿਭਾਈ। ਉਸ ਦੇ ਕੰਮ ਵਿੱਚ ਮਿਲਟਰੀ ਟਰਾਂਸਪੋਰਟੇਸ਼ਨ ਰਾਹੀਂ ਯਾਤਰੀਆਂ, ਸਮਾਨ ਤੇ ਨਿਜੀ ਪ੍ਰਾਪਰਟੀ ਦੀ ਢੋਆ ਢੁਆਈ ਦਾ ਜਿ਼ੰਮਾਂ ਆਉਂਦਾ ਸੀ।

ਗੋਲੀਬਾਰੀ ਸਮੇਂ ਅਧਿਕਾਰੀਆਂ ਨੇ ਉਸ ਦੇ ਨਾਂ ਦਾ ਖੁਲਾਸਾ ਨਹੀਂ ਸੀ ਕੀਤਾ ਤੇ ਇਹੋ ਆਖਿਆ ਗਿਆ ਸੀ ਕਿ ਮਸ਼ਕੂਕ ਗੋਰੇ ਰੰਗ ਦਾ ਪੁਰਸ਼ ਹੈ ਜੋ ਆਪਣੇ 20ਵਿਆਂ ਵਿੱਚ ਹੈ। ਪਰ ਇੱਕ ਅਮਰੀਕੀ ਅਧਿਕਾਰੀ ਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੇ ਕੈਲੀ ਨੂੰ ਚਰਚ ਵਿੱਚ ਜਾ ਕੇ ਲੋਕਾਂ ਉੱਤੇ ਹਮਲਾ ਕਰਨ ਵਾਲੇ ਬੰਦੂਕਧਾਰੀ ਵਜੋਂ ਪਛਾਣ ਲਿਆ। ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਜਦਕਿ 20 ਹੋਰ ਜ਼ਖ਼ਮੀ ਹੋਏ।