ਰਿਆਦ: ਸਾਊਦੀ ਅਰਬ ਵਿੱਚ ਰਿਸ਼ਵਤਖੋਰੀ ਖਿਲਾਫ ਫੈਸਲਾਕੁਨ ਕਾਰਵਾਈ ਤਹਿਤ ਪ੍ਰਮੁੱਖ ਕਾਰੋਬਾਰੀ ਸਮੇਤ 11 ਸ਼ਹਿਜ਼ਾਦਿਆਂ ਤੇ ਦਰਜਨਾਂ ਮੌਜੂਦਾ ਤੇ ਸਾਬਕਾ ਮੰਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੇਸ਼ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਅਗਵਾਈ ਵਾਲੇ ਨਵੇਂ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਦਾ ਗਠਨ ਹੋਣ ਤੋਂ ਬਾਅਦ ਕੱਲ੍ਹ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ। ਖਬਰਾਂ ਵਿੱਚ ਕਿਹਾ ਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਅਰਬਪਤੀ ਕਾਰੋਬਾਰੀ ਅਲ-ਵਲੀਦ ਬਿਨ ਤਲਾਲ ਵੀ ਸ਼ਾਮਲ ਹੈ।


ਇਸ ਤੋਂ ਇਲਾਵਾ, ਕਿਸੇ ਵੇਲੇ ਤਖ਼ਤ ਦੇ ਮੁੱਖ ਦਾਅਵੇਦਾਰ ਮੰਨੇ ਗਏ ਸਾਊਦੀ ਨੈਸ਼ਨਲ ਗਾਰਡ ਦੇ ਮੁਖੀ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜਲ ਸੈਨਾ ਮੁਖੀ ਤੇ ਆਰਥਿਕ ਮਾਮਲਿਆਂ ਦੇ ਮੰਤਰੀ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸ ਘਟਨਾਕ੍ਰਮ ਨੇ ਸਮੁਚੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਾਊਦੀ ਅਰਬ ਦੇ ਸਰਕਾਰੀ ਅਲ ਅਰਬੀਆ ਚੈਨਲ ਨੇ ਖ਼ਬਰ ਦਿੱਤੀ ਹੈ ਕਿ ਕਮਿਸ਼ਨ ਨੇ ਲਾਲ ਸਾਗਰ ਦੇ ਕੰਢੇ ਵੱਸੇ ਜੇਧਾ ਸ਼ਹਿਰ ਵਿੱਚ ਸਾਲ 2009 ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਵਰਗੇ ਪੁਰਾਣੇ ਮਾਮਲਿਆਂ ਦੀ ਜਾਂਚ ਸ਼ੁਰੂ ਕਰਦਿਆਂ ਹੀ ਸ਼ਹਿਜ਼ਾਦਿਆਂ, ਚਾਰ ਮੌਜੂਦਾ ਤੇ ਦਰਜਨਾਂ ਸਾਬਕਾ ਮੰਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਸਾਊਦੀ ਅਰਬ ਦੀ ਸਰਕਾਰੀ ਪ੍ਰੈੱਸ ਏਜੰਸੀ ਨੇ ਕਿਹਾ ਕਿ ਕਮਿਸ਼ਨ ਦਾ ਮੁੱਖ ਮਕਸਦ ਜਨਤਕ ਧਨ ਨੂੰ ਬਚਾਉਣਾ, ਭ੍ਰਿਸ਼ਟ ਲੋਕਾਂ ਤੇ ਅਹੁਦਿਆਂ ਦਾ ਦੁਰਵਰਤੋਂ ਕਰਨ ਵਾਲਿਆਂ ਨੂੰ ਸਜ਼ਾ ਦੇਣਾ ਹੈ। ਇਸ ਵਿੱਚ ਦੇਸ਼ ਦੇ ਉਲੇਮਾ ਦੀ ਮੁਖੀ ਕੌਂਸਲ ਨੇ ਕਾਰਵਾਈ ਤੇ ਜ਼ਰੂਰੀ ਮਜਹਬੀ ਸਮਰਥ ਦਿੰਦਿਆਂ ਟਵੀਟ ਕੀਤਾ ਕਿ ਭ੍ਰਿਸ਼ਟਾਚਾਰ ਵਿਰੋਧੀ ਕੋਸ਼ਿਸ਼ਾਂ ਓਨੀਆਂ ਹੀ ਅਹਿਮ ਹਨ ਜਿੰਨਾ ਕਿ ਅੱਤਵਾਦ ਦੇ ਖਿਲਾਫ ਲੜਾਈ ਅਹਿਮ ਹੈ।

ਸਤੰਬਰ ਵਿੱਚ ਪ੍ਰਭਾਵਸ਼ਾਲੀ ਉਲੇਮਾ ਤੇ ਕਾਰਕੁਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਤੇ 32 ਸਾਲ ਦੇ ਮੁਹੰਮਦ ਬਿਨ ਸਲਮਾਨ ਨੇ ਸੱਤਾ 'ਤੇ ਆਪਣੀ ਪਕੜ ਨੂੰ ਮਜਬੂਤ ਕੀਤਾ। ਮਾਹਿਰਾਂ ਦਾ ਕਹਿਣਾ ਹੈ ਕਿ ਹਿਰਾਸਤ ਵਿੱਚ ਲਏ ਗਏ ਜ਼ਿਆਦਾਤਰ ਲੋਕ ਸ਼ਹਿਜ਼ਾਦੇ ਮੁਹੰਮਦ ਦੀ ਜੋਸ਼ੀਲੀ ਵਿਦੇਸ਼ ਨੀਤੀ ਦੀ ਮੁਖਾਲਫਤ ਕਰਦੇ ਹਨ ਜਿਨ੍ਹਾਂ ਵਿੱਚ ਖਾੜੀ ਗੁਆਂਢੀ ਕਤਰ ਦਾ ਬਾਈਕਾਟ ਕਰਨਾ ਤੇ ਕਈ ਵੱਡੇ ਸੁਧਾਰ ਸ਼ਾਮਲ ਹਨ। ਵੱਡੇ ਸੁਧਾਰਾਂ ਵਿੱਚ ਸਰਕਾਰੀ ਖਜਾਨੇ ਦਾ ਨਿੱਜੀਕਰਨ ਕਰਨਾ ਤੇ ਸਬਸਿਡੀ ਘੱਟ ਕਰਨ ਵਰਗੀਆਂ ਗੱਲਾਂ ਹਨ।

ਤਾਜ਼ਾ ਕਾਰਵਾਈ ਵਿੱਚ ਸ਼ਹਿਜ਼ਾਦੇ ਮੁਤੈਬ ਬਿਨ ਅਬਦੁੱਲਾਹ ਨੂੰ ਨੈਸ਼ਨਲ ਗਾਰਡ ਦੇ ਅਹੁਦੇ ਤੋਂ ਬਰਖ਼ਾਸਤ ਕੀਤਾ ਗਿਆ ਹੈ। ਨੈਸ਼ਨਲ ਗਾਰਡ ਅੰਦਰੂਨੀ ਸੁਰੱਖਿਆ ਦਾ ਅਹਿਮ ਬਲ ਹੈ। ਉਨ੍ਹਾਂ ਦੀ ਬਰਖਾਸਤਗੀ ਨਾਲ ਦੇਸ਼ ਦੇ ਸੁਰੱਖਿਆ ਅਦਾਰਿਆਂ ਤੇ ਸ਼ਹਿਜ਼ਾਦੇ ਦੀ ਪਕੜ ਮਜਬੂਤ ਹੋਵੇਗੀ। ਜੂਨ ਵਿੱਚ ਮੁਹੰਮਦ ਬਿਨ ਸਲਮਾਨ ਨੇ ਤਖ਼ਤ ਦਾ ਉੱਤਰਾਧਿਕਾਰੀ ਬਣਨ ਲਈ ਆਪਣੇ 58 ਸਾਲ ਦੇ ਚਚੇਰੇ ਭਰਾ ਸ਼ਹਿਜ਼ਾਦੇ ਮੁਹੰਮਦ ਬਿਨ ਨਾਈਫ ਨੂੰ ਕਿਨਾਰੇ ਕਰ ਦਿੱਤਾ ਸੀ।

ਉਸ ਵੇਲੇ, ਸਾਊਦੀ ਅਰਬ ਦੇ ਚੈਨਲਾਂ 'ਤੇ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਸੀ ਕਿ ਮੁਹੰਮਦ ਬਿਨ ਸਲਮਾਨ ਆਪਣੇ ਵੱਡੇ ਭਰਾ ਮੁਹੰਮਦ ਬਿਨ ਨਾਇਫ ਦਾ ਹੱਥ ਚੁੰਮ ਰਿਹਾ ਸੀ ਤੇ ਆਦਰ ਵਿੱਚ ਉਸ ਦੇ ਸਾਹਮਣੇ ਗੋਢਿਆਂ ਭਰ ਬੈਠਾ ਗਿਆ ਸੀ। ਪੱਛਮੀ ਮੀਡੀਆ ਨੇ ਬਾਅਦ ਵਿੱਚ ਖ਼ਬਰ ਦਿੱਤੀ ਸੀ ਕਿ ਮੁਹੰਮਦ ਬਿਨ ਨਾਇਫ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ। ਇਸ ਦਾਅਵੇ ਦਾ ਸਾਊਦੀ ਅਧਿਕਾਰੀਆਂ ਨੇ ਸਖਤੀ ਨਾਲ ਖੰਡਨ ਕੀਤਾ ਸੀ।

ਪਹਿਲਾਂ ਤੋਂ ਹੀ ਸ਼ਾਸਕ ਦੇ ਤੌਰ 'ਤੇ ਦੇਖੇ ਜਾ ਰਹੇ, ਮੁਹਮੰਦ ਬਿਨ ਸਲਮਾਨ ਸਰਕਾਰ ਦੇ ਸਾਰੇ ਅਹਿਮ ਹਿੱਸਿਆਂ ਤੇ ਕੰਟਰੋਲ ਕਰ ਰਹੇ ਹਨ ਜਿਸ ਵਿੱਚ ਰੱਖਿਆ ਤੋਂ ਲੈ ਕੇ ਆਰਥਿਕ ਮਾਮਲੇ ਸ਼ਾਮਲ ਹਨ। ਇਨ੍ਹਾਂ ਗ੍ਰਿਫਤਾਰੀਆਂ ਤੋਂ ਸਾਫ ਹੀ ਕਿ ਸ਼ਹਿਜ਼ਾਦੇ ਆਪਣੇ ਪਿਤਾ ਸ਼ਾਹ ਸਲਮਾਨ (81 ਸਾਲ) ਤੋਂ ਅਧਿਕਾਰਕ ਤੌਰ ਤੇ ਸੱਤਾ ਲੈਣ ਤੋਂ ਪਹਿਲਾਂ ਉਨ੍ਹਾਂ ਲੋਕਾਂ ਦੀ ਪਛਾਣ ਕਰ ਉਨ੍ਹਾਂ ਨੂੰ ਬਾਹਰ ਕਰ ਰਹੇ ਹਨ ਜਿੰਨਾ ਤੋਂ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।