ਪੁਲਿਸ ਮੁਲਾਜ਼ਮ ਨੇ ਸਹਿਮਤੀ ਨਾਲ ਬਣਾਏ ਔਰਤ ਨਾਲ ਸਬੰਧ, ਬੱਸ ਇੱਕ ਗ਼ਲਤੀ ਨੇ ਪਹੁੰਚਾਇਆ ਜੇਲ੍ਹ
ਏਬੀਪੀ ਸਾਂਝਾ | 22 Dec 2018 01:58 PM (IST)
ਬਰਲਿਨ: ਜਰਮਨ ਦੇ ਪੁਲਿਸ ਅਧਿਕਾਰੀ ਨੂੰ ਅੱਠ ਮਹੀਨਿਆਂ ਦੀ ਸਜ਼ਾ ਹੋਈ ਹੈ, ਜਿਸ ਦਾ ਕਸੂਰ ਇੰਨਾ ਸੀ ਕਿ ਉਸ ਨੇ ਆਪਣੀ ਪਾਟਰਨਰ ਦੀ ਸਹਿਮਤੀ ਤੋਂ ਬਗ਼ੈਰ ਸੈਕਸ ਦੌਰਾਨ ਕੰਡੋਮ ਦਾ ਇਸਤੇਮਾਲ ਨਹੀਂ ਕੀਤਾ ਸੀ। ਇਸ ਕਾਰਨ ਅਧਿਕਾਰੀ ‘ਤੇ ਜਿਣਸੀ ਸੋਸ਼ਣ ਦੇ ਇਲਜ਼ਾਮ ਲੱਗੇ ਅਤੇ ਉਸ ਨੂੰ ਅੱਠ ਮਹੀਨਿਆਂ ਦੀ ਸਜ਼ਾ ਦਿੱਤੀ ਗਈ ਹੈ। ਮਾਮਲਾ ਪਿਛਲੇ ਸਾਲ ਨਵੰਬਰ ਦਾ ਹੈ ਜਦੋਂ ਪੁਲਿਸ ਮੁਲਾਜ਼ਮ ਨੇ ਆਪਣੀ ਸਾਥਣ ਤੋਂ ਓਹਲਾ ਰੱਖਦੇ ਹੋਏ ਅਜਿਹਾ ਕੀਤਾ। ਜਦ ਉਸ ਦੀ ਸਾਥਣ ਨੂੰ ਇਸ ਦਾ ਪਤਾ ਲੱਗਿਆ ਤਾਂ ਉਹ ਉਸ ਦਾ ਫਲੈਟ ਛੱਡ ਸਿੱਧਾ ਪੁਲਿਸ ਕੋਲ ਗਈ। ਉੱਥੇ ਉਸ ਨੇ 36 ਸਾਲਾ ਪੁਲਿਸ ਮੁਲਾਜ਼ਮ ‘ਤੇ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਏ। ਹਾਲਾਂਕਿ, ਮੁਲਜ਼ਮ ਨੂੰ ਬਲਾਤਕਾਰ ਦਾ ਦੋਸ਼ੀ ਨਹੀਂ ਪਾਇਆ ਗਿਆ ਕਿਉਂਕਿ ਉਨ੍ਹਾਂ ਵਿਚਕਾਰ ਸਰੀਰਕ ਸਬੰਧ ਸਹਿਮਤੀ ਨਾਲ ਬਣੇ ਸਨ ਪਰ ਸਹਿਮਤੀ ਤੋਂ ਬਿਨਾ ਕੰਡੋਮ ਉਤਾਰ ਦੇਣ ਲਈ ਪੁਲਿਸ ਮੁਲਾਜ਼ਮ ਨੂੰ ਜਿਣਸੀ ਸੋਸ਼ਣ ਦਾ ਦੋਸ਼ੀ ਪਾਇਆ ਗਿਆ। ਅਦਾਲਤ ਨੇ ਵਿਅਕਤੀ ਨੂੰ ਅੱਠ ਮਹੀਨੇ ਦੀ ਮੁਅੱਤਲ ਜੇਲ੍ਹ ਦੀ ਸਜ਼ਾ, ਇਸਦੇ ਨਾਲ 3,000 ਯੂਰੋ (ਤਕਰੀਬਨ 2.39 ਲੱਖ ਰੁਪਏ) ਦਾ ਜ਼ੁਰਮਾਨਾ ਵੀ ਕੀਤਾ ਗਿਆ। ਇਸ ਦੇ ਨਾਲ ਹੀ ਮੁਲਜ਼ਮ ਨੂੰ ਔਰਤ ਦੇ ਐਸਟੀਆਈ ਟੈਸਟ ਲਈ 96 ਯੂਰੋ (ਲਗਪਗ 7,600 ਰੁਪਏ) ਦਾ ਭੁਗਤਾਨ ਕਰਨ ਲਈ ਵੀ ਕਿਹਾ ਗਿਆ। ਇਹ ਮਾਮਲਾ ਜਰਮਨੀ ‘ਚ ਆਪਣੀ ਕਿਸਮ ਦਾ ਪਹਿਲਾ ਅਜਿਹਾ ਮਾਮਲਾ ਮੰਨਿਆ ਜਾਂਦਾ ਹੈ। ਸਵਿੱਟਜ਼ਰਲੈਂਡ ਅਤੇ ਕੈਨੇਡਾ ‘ਚ ਇਸ ਤਰ੍ਹਾਂ ਦੇ ਦੋ ਕੇਸਾਂ ਆਏ ਸਨ, ਜਿਨ੍ਹਾਂ ਵਿੱਚੋਂ ਇੱਕ ਨੂੰ ਬਲਾਤਕਾਰ ਅਤੇ ਇੱਕ ਨੂੰ ਜਿਣਸੀ ਹਮਲਾ ਐਲਾਨਿਆ ਗਿਆ ਸੀ। ਹਾਲਾਂਕਿ, ਦੋਵਾਂ ਮਾਮਲਿਆਂ ਦੇ ਦੋਸ਼ੀਆਂ ਦੀ ਮੌਤ ਹੋ ਚੁੱਕੀ ਹੈ।