ਲਾਹੌਰ: ਅੱਜ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਕਾਂਗਰਸ ਤੇ ਬੀਜੇਪੀ ਦੇ ਲੀਡਰ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਪਹੁੰਚੇ। ਸਿਆਸੀ ਲੀਡਰਾਂ ਨੇ ਮੁੱਥਾ ਟੇਕਿਆ ਤੇ ਅਰਦਾਸ ਕੀਤੀ। ਕੱਲ੍ਹ ਨੂੰ ਆਮ ਆਦਮੀ ਪਾਰਟੀ ਦੇ ਲੀਡਰ ਕਰਤਾਰਪੁਰ ਸਾਹਿਬ ਜਾਣਗੇ। ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਭਾਰਤ ਤੋਂ ਸਿੱਖ ਸ਼ਰਧਾਲੂ ਅੱਜ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ।



ਇਸੇ ਤਰ੍ਹਾਂ ਪੰਜਾਬ ਦੇ ਕਈ ਬੀਜੇਪੀ ਲੀਡਰ ਅੱਜ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਲਈ ਪਹੁੰਚੇ। ਪੰਜਾਬ ਭਾਜਪਾ ਦੇ ਮੁਖੀ ਅਸ਼ਵਨੀ ਸ਼ਰਮਾ ਨੇ ਦੱਸਿਆ, ‘ਭਾਜਪਾ ਦਾ ਵਫ਼ਦ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਮੱਥਾ ਟੇਕਣ ਆਇਆ ਹੈ।’

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸ਼ਰਧਾਲੂਆਂ ਨੂੰ ਕੋਰੀਡੋਰ ਮੁੜ ਖੋਲ੍ਹਣ ਲਈ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਦੇ ਧੰਨਵਾਦੀ ਹਨ। ਭਾਜਪਾ ਦੇ ਵਫ਼ਦ ਵਿੱਚ ਜੀਵਨ ਗੁਪਤਾ, ਸੁਭਾਸ਼ ਸ਼ਰਮਾ ਅਤੇ ਕੇਡੀ ਭੰਡਾਰੀ ਸ਼ਾਮਲ ਹਨ।

 ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਵਿਚਾਲੇ ਕਰਤਾਰਪੁਰ ਲਾਂਘਾ ਤਿੰਨ ਦਿਨਾਂ ਲਈ ਖੋਲ੍ਹ ਦਿੱਤਾ ਗਿਆ ਹੈ, ਜਿਸ ਦੇ ਦਰਸ਼ਨਾਂ ਲਈ ਵੀਜ਼ੇ ਦੀ ਲੋੜ ਨਹੀਂ ਹੈ। ਭਾਰਤ ਤੋਂ 28 ਸਿੱਖਾਂ ਦਾ ਪਹਿਲਾ ਜੱਥਾ ਬੁੱਧਵਾਰ ਨੂੰ ਵੀਜ਼ਾ ਮੁਕਤ ਲਾਂਘੇ ਰਾਹੀਂ ਪਾਕਿਸਤਾਨ ਦੇ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਪਹੁੰਚਿਆ। ਇਸੇ ਤਰ੍ਹਾਂ ਬੀਤੇ ਦਿਨ ਵਾਹਗਾ ਬਾਰਡਰ ਤੋਂ 2500 ਤੋਂ ਵੱਧ ਭਾਰਤੀ ਸਿੱਖ ਇੱਥੇ ਪੁੱਜੇ।

ਕੀ ਹੈ ਕਰਤਾਰਪੁਰ ਕੋਰੀਡੋਰ?
ਕਰਤਾਰਪੁਰ ਕੋਰੀਡੋਰ ਦਾ ਇੱਕ ਹਿੱਸਾ ਭਾਰਤ 'ਚ ਹੈ। ਇਸ ਨੂੰ ਪੰਜਾਬ ਦੇ ਗੁਰਦਾਰਸਪੁਰ 'ਚ ਡੇਰਾ ਬਾਬਾ ਨਾਨਕ ਨਾਲ ਜੋੜਿਆ ਗਿਆ ਹੈ। ਦੂਜੇ ਪਾਸੇ ਪਾਕਿਸਤਾਨ 'ਚ ਦਰਬਾਰ ਸਾਹਿਬ ਗੁਰਦੁਆਰਾ ਹੈ ਜਿਸ ਦੀ ਦੂਰੀ 4 ਕਿਲੋਮੀਟਰ ਹੈ। ਕੋਰੀਡੋਰ ਦੀ ਕੁੱਲ ਲੰਬਾਈ ਲਗਪਗ ਪੰਜ ਕਿਲੋਮੀਟਰ ਹੈ। ਇਸ ਕੋਰੀਡੋਰ ਰਾਹੀਂ ਦਰਸ਼ਨ ਕਰਨ ਲਈ ਵੀਜ਼ਾ ਦੀ ਜ਼ਰੂਰਤ ਨਹੀਂ ਪੈਂਦੀ। 9 ਨਵੰਬਰ 2019 ਨੂੰ ਇਸ ਕੋਰੀਡੋਰ ਦਾ ਉਦਘਾਟਨ ਹੋਇਆ ਸੀ ਹਾਲਾਂਕਿ 16 ਮਾਰਚ 2020 ਨੂੰ ਕੋਰੋਨਾ ਫੈਲਣ ਕਾਰਨ ਇਸ ਕੋਰੀਡੋਰ ਨੂੰ ਬੰਦ ਕਰਨਾ ਪਿਆ ਸੀ।