ਲੰਦਨ: ਬੀਤੇ ਵੀਰਵਾਰ ਲੰਦਨ ਵਿੱਚ ਖ਼ਾਲਿਸਤਾਨ ਦੀ ਮੰਗ ਕਰਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਮੁਹਿੰਮ ਦੇ ਪੋਸਟਰਾਂ ਵਿੱਚ ਖਾਲਿਸਤਾਨ ਬਣਾਉਣ ਲਈ ਰੈਫਰੰਡਮ ਭਾਵ ਰਾਏਸ਼ੁਮਾਰੀ ਕਰਵਾਏ ਜਾਣ ਦੀ ਗੱਲ ਵੀ ਕਹੀ ਗਈ ਹੈ। ਪੰਜਾਬ ਵਿੱਚ ਸਿੱਖਾਂ ਦਾ ਧੜਾ ਲੰਮੇ ਸਮੇਂ ਤੋਂ ਖ਼ਾਲਿਸਤਾਨ ਦੀ ਮੰਗ ਕਰ ਰਿਹਾ ਹੈ। ਬ੍ਰਿਟੇਨ ਵਿੱਚ ਵੀ ਇਸ ਮੰਗ ਨਾਲ ਜੁੜੀ ਸਿੱਖ ਜਥੇਬੰਦੀ 'ਸਿੱਖਜ਼ ਫਾਰ ਜਸਟਿਸ' ਨੇ ਕਿਹਾ ਹੈ ਕਿ ਉਹ ਇਸ ਨਾਲ ਜੁੜਿਆ ਆਪਣਾ ਪਹਿਲਾ ਗਲੋਬਲ ਮਾਰਚ ਟ੍ਰਾਫਲਗਰ ਸਕੁਏਅਰ ਤੋਂ ਕੱਢਣਗੇ।

ਇਸ ਮਾਮਲੇ ਉੱਪਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧੀ ਰਿਪੋਰਟਾਂ ਦੇਖੀਆਂ ਹਨ ਤੇ ਆਸ ਕੀਤੀ ਹੈ ਕਿ ਬ੍ਰਿਟੇਨ ਅਜਿਹੀ ਕਿਸੇ ਵੀ ਗੱਲ ਨੂੰ ਉਤਸ਼ਾਹਤ ਨਹੀਂ ਕਰੇਗਾ, ਜਿਸ ਨਾਲ ਨਫ਼ਰਤ ਦਾ ਪਸਾਰਾ ਹੁੰਦਾ ਹੋਵੇ ਤੇ ਦੋਵਾਂ ਦੇਸ਼ਾਂ ਦੇ ਦੁਵੱਲੇ ਰਿਸ਼ਤੇ ਪ੍ਰਭਾਵਿਤ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਨਾ ਸਿਰਫ ਬਰਤਾਨੀਆ ਬਲਕਿ ਪੂਰੀ ਦੁਨੀਆ ਵਿੱਚ ਵਸਦੇ ਸਿੱਖਾਂ ਦੇ ਭਾਰਤ ਨਾਲ ਸਬੰਧ ਚੰਗੇ ਰਹੇ ਹਨ। ਅਜਿਹੇ ਕੁਝ ਗੁੱਟ ਫਿਰਕਾਪ੍ਰਸਤੀ ਦੀ ਨੀਤ ਨਾਲ ਕੰਮ ਕਰਦੇ ਹਨ।

https://twitter.com/sikhsforjustice/status/1017556634460188672

ਸਿੱਖਜ਼ ਫਾਰ ਜਸਟਿਸ ਦਾ ਕਹਿਣਾ ਹੈ ਕਿ ਉਹ 2020 ਤਕ ਰਾਏਸ਼ੁਮਾਰੀ ਕਰਵਾਏ ਜਾਣ ਦੀ ਮੰਗ ਕਰਨਗੇ ਤਾਂ ਜੋ ਭਾਰਤ ਵਿੱਚੋਂ ਖ਼ਾਲਿਸਤਾਨ ਦਾ ਜਨਮ ਹੋ ਸਕੇ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸਹਾਰੇ ਦੁਨੀਆ ਭਰ ਵਿੱਚ ਰਹਿ ਰਹੇ 30 ਕਰੋੜ ਸਿੱਖਾਂ ਨੂੰ ਆਪਣਾ ਘਰ ਮਿਲ ਸਕੇਗਾ। ਇਸ ਜਥੇਬੰਦੀ ਦਾ ਕਹਿਣਾ ਹੈ ਕਿ ਸਾਲ 2017 ਵਿੱਚ ਉਨ੍ਹਾਂ 14 ਹੋਰ ਜਥੇਬੰਦੀਆਂ ਨਾਲ ਮਿਲ ਕੇ ਯੂਐਨ ਦੇ ਜਨਰਲ ਸਕੱਤਰ ਤੇ ਸਹਾਇਕ ਜਨਰਲ ਸਕੱਤਰ ਨੂੰ ਇੱਕ ਖਰੜਾ ਵੀ ਸੌਂਪਿਆ ਜਾ ਚੁੱਕਾ ਹੈ।