ਚੰਡੀਗੜ੍ਹ: ਵਿਕਸਤ ਦੇਸ਼ ਆਸਟਰੇਲੀਆ ਵਿੱਚ ਕਰੀਬ ਤੀਹ ਲੱਖ ਤੋਂ ਜ਼ਿਆਦਾ ਲੋਕ ਗਰੀਬ ਹਨ। ਜਦੋਂਕਿ ਇਸ ਦੇਸ਼ ਦੀ ਕੁੱਲ ਆਬਾਦੀ ਕਰੀਬ ਸਵਾ ਦੋ ਕਰੋੜ ਦੀ ਹੈ। ਗ਼ਰੀਬੀ ਸਬੰਧੀ ਤਾਜ਼ਾ ਰਿਪੋਰਟ-2016 ਨੇ ਇਹ ਖੁਲਾਸਾ ਕੀਤਾ ਹੈ। ਤੁਹਾਨੂੰ ਜਾਣਕੇ ਹੈਰਾਨ ਹੋਵੇਗੀ ਕਿ ਕੁੱਲ ਗਰੀਬਾਂ ਵਿੱਚੋਂ 7 ਲੱਖ 31 ਹਜ਼ਾਰ 300 ਬੱਚੇ ਹਨ।
ਇਹ ਰਿਪੋਰਟ ਦਰਸਾਉਂਦੀ ਹੈ ਕਿ ਪਿਛਲੇ 10 ਸਾਲ ਦੌਰਾਨ ਆਸਟਰੇਲੀਆ ਸਮੁੱਚੇ ਪੱਧਰ ’ਤੇ ਗ਼ਰੀਬੀ ਘਟਾਉਣ ਵਿੱਚ ਅਸਫ਼ਲ ਰਿਹਾ ਹੈ। ਸਾਲ 2013-14 ਵਿੱਚ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ 13.3 ਫ਼ੀਸਦ, ਜੋ ਕਿ ਜਨ ਸੰਖਿਆ ਦਾ ਕਰੀਬ 29 ਲੱਖ ਬਣਦੇ ਹਨ, ਲੋਕ ਹੁਣ 17.4 ਫ਼ੀਸਦ ਹੋ ਗਏ ਹਨ। ਪਤੀ-ਪਤਨੀ ਤੇ ਦੋ ਬੱਚਿਆਂ ਨਾਲ ਹਫ਼ਤਾਵਾਰ ਤਨਖ਼ਾਹ 895 ਡਾਲਰ ਨੂੰ ਗ਼ਰੀਬੀ ਰੇਖਾ ਮੰਨਿਆ ਗਿਆ ਹੈ।
ਇਹ ਖੁਲਾਸਾ ਆਸਟਰੇਲੀਆ ਦੀ ਸਰਕਾਰੀ ਸਹਾਇਤਾ ਪ੍ਰਾਪਤ ਆਸਟਰੇਲੀਅਨ ਕੌਂਸਲ ਆਫ਼ ਸੋਸ਼ਲ ਸਰਵਸਿਜ਼ ਸੰਸਥਾ ਨੇ ਘਰੇਲੂ ਖਰਚਾ ਸਰਵੇਖਣ ਦੀ ਰਿਪੋਰਟ ਦੇ ਆਧਾਰ ’ਤੇ ਕੀਤਾ ਹੈ। ਇਹ ਕੌਂਸਲ ਸਮਾਜ ਸੇਵਾ ਖੇਤਰ ਵਿੱਚ ਗ਼ਰੀਬੀ ਅਤੇ ਅਸਮਾਨਤਾ ਨਾਲ ਪ੍ਰਭਾਵਿਤ ਲੋਕਾਂ ਦੀਆਂ ਲੋੜਾਂ ਲਈ ਕੌਮੀ ਆਵਾਜ਼ ਵਜੋਂ ਕੰਮ ਕਰਦੀ ਹੈ। ਜ਼ਿਕਰਯੋਗ ਹੈ ਕਿ ਸੰਨ 2011 ਦੀ ਮਰਦਮਸ਼ੁਮਾਰੀ ਮੁਤਾਬਕ ਆਸਟਰੇਲੀਆ ਵਿੱਚ 1,05,237 ਲੋਕ ਬੇਘਰ ਸਨ। ਸਾਲ 2016 ਦੀ ਮਰਦਮਸ਼ੁਮਾਰੀ ਤੱਕ ਇਨ੍ਹਾਂ ਵਿੱਚ 17 ਫ਼ੀਸਦ ਦਾ ਵਾਧਾ ਹੋਇਆ ਹੈ।
ਆਸਟਰੇਲੀਆ ਵਿੱਚ ਗ਼ਰੀਬੀ ਵਿੱਚ ਰਹਿਣ ਵਾਲੇ ਲੋਕ ਸਰਕਾਰੀ ਆਰਥਿਕ ਸਹਾਇਤਾ ’ਤੇ ਨਿਰਭਰ ਹਨ। ਘੱਟ ਆਮਦਨੀ ਵਾਲੇ ਘਰਾਂ ਦੇ ਲਗਭਗ ਦੋ-ਤਿਹਾਈ ਲੋਕ ਸਾਲ 2015-16 ਵਿੱਚ ਤਣਾਅ ਵਿੱਚ ਸਨ। ਕਰੀਬ 20 ਫ਼ੀਸਦ ਲੋਕਾਂ ਦੀ ਸਭ ਤੋਂ ਘੱਟ ਆਮਦਨੀ ਦੇ ਗਰੁੱਪ ’ਚ ਘਰਾਂ ਦੀ ਕਿਸ਼ਤ/ ਕਿਰਾਇਆ, ਖਾਣੇ ਅਤੇ ਊਰਜਾ ਉੱਤੇ ਪਿਛਲੇ ਛੇ ਸਾਲ ਪਹਿਲਾਂ ਨਾਲੋਂ ਖਰਚੇ ਵੱਧ ਹੋ ਰਹੇ ਹਨ।
ਸਾਲ 2009-10 ਵਿੱਚ ਹੇਠਲੇ 20 ਲੋਕਾਂ ਨੇ ਆਪਣੀ ਆਮਦਨੀ ਦਾ 20.8 ਫ਼ੀਸਦ ਹਿੱਸਾ ਰਿਹਾਇਸ਼, 4 ਫ਼ੀਸਦ ਊਰਜਾ ਅਤੇ 18.3 ਫੀਸਦ ਭੋਜਨ ਉੱਤੇ ਖਰਚ ਕੀਤਾ ਸੀ। ਸਾਲ 2015-16 ਵਿੱਚ ਰਿਹਾਇਸ਼ ’ਤੇ 23.4 ਫ਼ੀਸਦ, ਊਰਜਾ ’ਤੇ 4.4 ਫ਼ੀਸਦ ਅਤੇ ਭੋਜਨ ’ਤੇ 18.7 ਫ਼ੀਸਦ ਖ਼ਰਚ ਹੋਇਆ।