ਚੰਡੀਗੜ੍ਹ: ਪੰਜਾਬ ਵਿੱਚ ਜਿੱਥੇ ਧੀਆਂ ਹਾਲੇ ਵੀ ਕੁਖਾਂ ਵਿੱਚ ਖਤਮ ਹੋ ਰਹੀਆ ਹਨ ਪਰ ਦੂਜੇ ਪਾਸੇ ਇਹੀ ਧੀਆਂ ਨੂੰ ਜੇਕਰ ਜਨਮ ਮਿਲੇ ਤੇ ਬਰਾਬਰ ਮੌਕੇ ਮਿਲਣ ਤਾਂ ਇਨ੍ਹਾਂ ਨੇ ਸਾਬਤ ਕਰ ਦਿਖਾਇਆ ਹੈ ਕਿ ਉਹ ਕਿਸੇ ਪੱਖੋ ਮੁੰਡਿਆਂ ਨਾਲੋਂ ਪਿੱਛੇ ਨਹੀਂ ਹਨ ਤੇ ਪਰਿਵਾਰ ਦੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਅਜਿਹਾ ਹੀ ਕੰਮ 19 ਸਾਲਾ ਪੰਜਾਬੀ ਕੁੜੀ ਪ੍ਰਭਦੀਪ ਬਾਜਵਾ ਨੇ ਨਿਊਜ਼ੀਲੈਂਡ ਪੁਲਿਸ 'ਚ ਸ਼ਾਮਲ ਹੋਕੇ ਕੀਤਾ ਹੈ।ਪ੍ਰਭਦੀਪ ਪਹਿਲੀ ਪੋਸਟਿੰਗ ਕਾਊਂਟੀਜ਼ ਮੈਨੁਕਾਓ ਪੁਲਿਸ ਸਟੇਸ਼ਨ ਅਧੀਨ ਹੋਈ ਹੈ ਅਤੇ ਸੋਮਵਾਰ ਤੋਂ ਇਹ ਪੰਜਾਬੀ ਪੁਲਿਸ ਅਫਸਰ ਦੇ ਤੌਰ 'ਤੇ ਲੋਕਾਂ ਦੀ ਸੁਰੱਖਿਆ ਦੀ ਸੇਵਾ ਨਿਭਾਉਣੀ ਸ਼ੁਰੂ ਕਰ ਦੇਵੇਗੀ। ਇਸ ਸਾਰੀ ਪ੍ਰਾਪਤੀ ਦਾ ਸਿਹਰਾ ਉਹ ਆਪਣੀ ਮਾਂ ਹਰਦੀਪ ਕੌਰ ਨੂੰ ਦਿੰਦੀ ਹੈ।


ਪਿਤਾ ਲਹਿੰਬਰ ਸਿੰਘ ਤੇ ਮਾਤਾ ਹਰਦੀਪ ਕੌਰ ਦੀ ਇਹ ਲਾਡਲੀ ਬੇਟੀ ਪਿੰਡ ਬਾਜਵਾ ਕਲਾਂ (ਜਲੰਧਰ) ਤੋਂ ਇਥੇ 2 ਕੁ ਸਾਲਾਂ ਦੀ ਉਮਰ 'ਚ ਆਪਣੇ ਮਾਪਿਆਂ ਨਾਲ ਆਈ ਸੀ। ਇਸ ਨੇ ਇਥੇ ਆ ਕੇ ਸਕੂਲੀ ਪੜ੍ਹਾਈ ਕਰਨ ਉਪਰੰਤ ਨਿਊਜ਼ੀਲੈਂਡ ਪੁਲਿਸ ਵਿਚ ਜਾਣ ਦਾ ਮਨ ਬਣਾ ਲਿਆ। ਲਗਪਗ ਇਕ ਸਾਲ ਦਾ ਸਮਾਂ ਲੱਗ ਗਿਆ ਇਸ ਕੁੜੀ ਨੂੰ ਪੁਲਿਸ ਦੀ ਨੀਲੀ ਵਰਦੀ ਪਹਿਨਣ ਤੱਕ। ਇਸ ਨੇ 12 ਮਿੰਟ 'ਚ 2.4 ਕਿਲੋਮੀਟਰ ਦੀ ਦੌੜ ਅਤੇ 50 ਮੀਟਰ ਦੀ ਤੈਰਾਕੀ 50 ਸਕਿੰਟਾਂ ਵਿਚ ਕਰਕੇ ਅਗਲੀ ਟ੍ਰੇਨਿੰਗ ਰਾਇਲ ਨਿਊਜ਼ੀਲੈਂਡ ਪੁਲਿਸ ਕਾਲਜ ਵਲਿੰਗਟਨ ਵਿਖੇ ਇਕ ਤਰ੍ਹਾਂ ਪੱਕੀ ਕਰ ਲਈ। ਚਾਰ ਮਹੀਨਿਆਂ ਦੀ ਸਖ਼ਤ ਟਰੇਨਿੰਗ ਬਾਅਦ ਬੀਤੀ 28 ਸਤੰਬਰ ਨੂੰ ਇਸ ਨੇ ਗ੍ਰੈਜੂਏਸ਼ਨ ਪਾਸ ਕਰ ਲਈ।

ਨਿਊਜ਼ੀਲੈਂਡ ਪੁਲਿਸ 'ਚ ਆਉਣ ਦਾ ਇਸ ਕੁੜੀ ਦਾ ਮੁੱਖ ਮਕਸਦ ਔਰਤਾਂ ਖ਼ਾਸ ਕਰ ਪੰਜਾਬੀ ਕੁੜੀਆਂ ਪ੍ਰਤੀ ਲੋਕਾਂ ਦਾ ਮਾਨ-ਸਨਮਾਨ ਹੋਰ ਵਧਾਉਣਾ ਹੈ। ਇਸ ਦਾ ਮੰਨਣਾ ਹੈ ਕਿ ਜੇਕਰ ਪੰਜਾਬੀ ਕੁੜੀਆਂ ਨਿਊਜ਼ੀਲੈਂਡ ਪੁਲਿਸ 'ਚ ਜ਼ਿਆਦਾ ਗਿਣਤੀ ਵਿਚ ਹੋਣਗੀਆਂ ਤਾਂ ਲੋੜ ਪੈਣ 'ਤੇ ਭਾਰਤੀ ਜਾਂ ਪੰਜਾਬੀ ਮਹਿਲਾਵਾਂ ਜ਼ਿਆਦਾ ਵਿਸ਼ਵਾਸ ਅਤੇ ਖੁੱਲ੍ਹ ਕੇ ਆਪਣੀ ਗੱਲ ਕਰ ਸਕਦੀਆਂ ਹਨ ਤਾਕਿ ਸਮਾਜ 'ਚ ਉਨ੍ਹਾਂ ਦਾ ਕੱਦ ਮਰਦਾਂ ਦੇ ਬਰਾਬਰ ਬਣਿਆ ਰਹੇ।