Pakistan News - ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਇੱਕ ਸਕੂਲ ਦੇ ਪ੍ਰਿੰਸੀਪਲ ਨੇ 45 ਤੋਂ ਵੱਧ ਔਰਤਾਂ ਨਾਲ ਬਲਾਤਕਾਰ ਕੀਤਾ। ਉਸ ਨੂੰ ਬੀਤੀ ਸੋਮਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਲਾਤਕਾਰ ਤੋਂ ਬਾਅਦ ਸਾਰੀਆਂ ਪੀੜਤਾਂ ਨੂੰ ਬਲੈਕਮੇਲ ਕੀਤਾ ਗਿਆ ਸੀ। ਸਾਡੀ ਟੀਮ ਨੂੰ ਦੋਸ਼ੀ ਪ੍ਰਿੰਸੀਪਲ ਦੇ ਮੋਬਾਈਲ ਤੋਂ ਵੀ ਇਸ ਦੇ ਸਬੂਤ ਮਿਲੇ ਹਨ। ਉਸ ਤੋਂ ਪੁੱਛਗਿੱਛ ਜਾਰੀ ਹੈ। 


ਦੱਸ ਦਈਏ ਕਿ ਪੁਲਿਸ ਨੂੰ ਕੁਝ ਦਿਨ ਪਹਿਲਾਂ ਇੰਟਰਨੈੱਟ 'ਤੇ ਕੁਝ ਔਰਤਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਦੀ ਸੂਚਨਾ ਮਿਲੀ ਸੀ। ਇਨ੍ਹਾਂ ਦੀ ਜਾਂਚ ਕੀਤੀ ਗਈ। ਬਾਅਦ 'ਚ ਇੰਟੈਲੀਜੈਂਸ ਨੂੰ ਪਤਾ ਲੱਗਾ ਕਿ ਸਾਰੀਆਂ ਔਰਤਾਂ ਕਰਾਚੀ ਦੇ ਗੁਲਸ਼ਨ-ਏ-ਹਦੀਦ ਇਲਾਕੇ 'ਚ ਸਥਿਤ ਇਕ ਸਕੂਲ 'ਚ ਵੱਖ-ਵੱਖ ਸਮੇਂ 'ਤੇ ਕੰਮ ਕਰਦੀਆਂ ਰਹੀਆਂ ਸਨ।


  ਜਦੋਂ ਸਕੂਲ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਤਾਂ ਪਤਾ ਲੱਗਾ ਕਿ ਇੱਥੋਂ ਦੇ ਪ੍ਰਿੰਸੀਪਲ ਦਾ ਨਾਂ ਇਰਫਾਨ ਗਫੂਰ ਮੈਮਨ ਹੈ। ਸਕੂਲ ਵਿੱਚ ਜ਼ਿਆਦਾਤਰ ਮਹਿਲਾ ਅਧਿਆਪਕ ਹਨ, ਜਦੋਂ ਕਿ ਸਿਰਫ਼ ਪੰਜ ਪੁਰਸ਼ ਅਧਿਆਪਕ ਹਨ। ਸਕੂਲ 'ਤੇ ਛਾਪਾ ਮਾਰਿਆ ਗਿਆ। ਇਸ ਦੌਰਾਨ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਗਿਆ। ਇਨ੍ਹਾਂ 'ਚ ਕਈ ਇਤਰਾਜ਼ਯੋਗ ਵੀਡੀਓ ਮਿਲੇ ਹਨ।ਇਸ ਤੋਂ ਬਾਅਦ ਪ੍ਰਿੰਸੀਪਲ ਦਾ ਮੋਬਾਈਲ ਅਤੇ ਲੈਪਟਾਪ ਚੈੱਕ ਕੀਤਾ ਗਿਆ। ਮੋਬਾਈਲ ਤੋਂ 25 ਵੀਡੀਓ ਮਿਲੇ ਹਨ ਅਤੇ ਇਹ ਸਾਰੀਆਂ ਸਕੂਲ ਦੀਆਂ ਮਹਿਲਾ ਅਧਿਆਪਕਾਂ ਦੀਆਂ ਸਨ। ਇਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਇਹ ਵੀਡੀਓ ਇੱਕ ਮਹਿਲਾ ਅਧਿਆਪਕ ਵੱਲੋਂ ਇੰਟਰਨੈੱਟ ’ਤੇ ਅਪਲੋਡ ਕੀਤੀ ਗਈ ਸੀ ਅਤੇ ਉਹ ਇਸ ਵਾਰਦਾਤ ਵਿੱਚ ਸ਼ਾਮਿਲ ਹੈ। ਇਸ ਮਹਿਲਾ ਅਧਿਆਪਕ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। 


 ਇਸ ਸਕੂਲ ਵਿੱਚ ਸੈਂਕੜੇ ਵਿਦਿਆਰਥੀ ਪੜ੍ਹਦੇ ਹਨ ਅਤੇ ਇਹ ਕਰਾਚੀ ਦੇ ਮਸ਼ਹੂਰ ਸਕੂਲਾਂ ਵਿੱਚੋਂ ਇੱਕ ਹੈ। ਰਿਪੋਰਟਾਂ ਅਨੁਸਾਰ ਮੁਲਜ਼ਮਾਂ ਨੇ ਦਸੰਬਰ ਵਿੱਚ ਇਸ ਸਕੂਲ ਦੀ ਇਮਾਰਤ ਨੂੰ ਇੱਕ ਲੱਖ ਰੁਪਏ ਮਹੀਨਾ ਕਿਰਾਏ ’ਤੇ ਲਿਆ ਸੀ। ਇਰਫਾਨ ਨੂੰ ਸੱਤ ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ।


ਪੁਲਿਸ ਵੱਲੋਂ ਦਰਜ ਕੇਸ ਵਿੱਚ ਮੁਲਜ਼ਮਾਂ ਖ਼ਿਲਾਫ਼ ਬਲਾਤਕਾਰ, ਬਲੈਕਮੇਲਿੰਗ ਅਤੇ ਧਮਕਾਉਣ ਵਰਗੀਆਂ ਧਾਰਾਵਾਂ ਦਰਜ ਕੀਤੀਆਂ ਗਈਆਂ ਹਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ- ਦੋਸ਼ੀ ਪ੍ਰਿੰਸੀਪਲ ਮਹਿਲਾ ਅਧਿਆਪਕਾਂ ਦਾ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਸੀ। ਅਸੀਂ ਸਕੂਲ ਦੇ ਸਾਰੇ ਡੀਵੀਆਰ ਵੀ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਸਾਰੇ ਇਲੈਕਟ੍ਰਾਨਿਕ ਉਪਕਰਨਾਂ ਨੂੰ ਜਾਂਚ ਲਈ ਫੋਰੈਂਸਿਕ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ।


ਇਸਤੋਂ ਇਲਾਵਾ ਪੁਲਿਸ ਨੂੰ ਸ਼ੱਕ ਹੈ ਕਿ ਇਸ ਮਾਮਲੇ 'ਚ ਕੁਝ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ। ਇਸ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਇਸ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਵੱਖਰੇ ਪ੍ਰਬੰਧ ਕੀਤੇ ਜਾ ਰਹੇ ਹਨ। ਸਕੂਲ ਨੂੰ ਸੀਲ ਕਰ ਦਿੱਤਾ ਗਿਆ ਹੈ।