ਨਵੀਂ ਦਿੱਲੀ: ਅਮਰੀਕਾ ਦੇ ਸ਼ਹਿਰ ਹਿਊਸਟਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਹਾਓਡੀ ਮੋਦੀ’ ਰੈਲੀ 'ਤੇ ਵਿਸ਼ਵ ਭਰ ਦੇ ਮੀਡੀਆ ਦੀਆਂ ਨਜ਼ਰਾਂ ਹਨ। ਇਸ ਦਾ ਕਾਰਨ ਇਹ ਹੈ ਕਿ ਪਹਿਲੀ ਵਾਰ ਮੋਦੀ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਟਰੰਪ ਇੱਥੇ ਵੱਡੇ ਐਲਾਨ ਕਰ ਸਕਦੇ ਹਨ।


ਦੂਜੇ ਪਾਸੇ ਬਾਰਸ਼ ਇਸ ਰੈਲੀ ਦੇ ਰੰਗ ਵਿੱਚ ਭੰਗ ਪਾ ਸਕਦੀ ਹੈ। ਇਸ ਤੋਂ ਇਲਾਵਾ ਰੈਲੀ ਦਾ ਵਿਰੋਧ ਕਰਨ ਵਾਲੇ ਵੀ ਸਰਗਰਮ ਹਨ। ਹਾਸਲ ਜਾਣਕਾਰੀ ਮੁਤਾਬਕ ਵੱਖਵਾਦ ਤੇ ਧਰਮ-ਨਿਰਪੱਖਤਾ ਦੀ ਵਕਾਲਤ ਕਰਦੀਆਂ ਜਥੇਬੰਦੀਆਂ ਵੱਲੋਂ 22 ਸਤੰਬਰ ਨੂੰ ਹਿਊਸਟਨ ਵਿੱਚ ਵੱਖੋ-ਵੱਖਰੀਆਂ ਰੈਲੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ ਮੋਦੀ ਦਾ ਵਿਰੋਧ ਕੀਤਾ ਜਾਵੇਗਾ।

ਮੀਡੀਆ ਰਿਪੋਰਟਾਂ ਮੁਤਾਬਕ ਵੱਖਵਾਦੀਆਂ ਵੱਲੋਂ ਵਿਉਂਤੀਆਂ ਇਨ੍ਹਾਂ ਰੈਲੀਆਂ ਦੌਰਾਨ ਸਾਰਾ ਧਿਆਨ ਖ਼ਾਲਿਸਤਾਨੀਆਂ ਤੇ ਕਸ਼ਮੀਰੀਆਂ ’ਤੇ ਰਹੇਗਾ। ਉਨ੍ਹਾਂ ਟਰੈਕਟਰ-ਟਰਾਲੀਆਂ ਟਰੱਕਾਂ ’ਤੇ ਰੈਲੀ ਲਈ ਡ੍ਰੈੱਸ ਰਿਹਰਸਲ ਕਰਕੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਇਹ ਰੈਲੀ ਹਿਊਸਟਨ ਦੇ ਸਿੱਖ ਨੈਸ਼ਨਲ ਸੈਂਟਰ ਤੋਂ ਸ਼ੁਰੂ ਹੋ ਕੇ ਐਨਆਰਜੀ ਸੈਂਟਰ ਤਕ ਜਾਵੇਗੀ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਜਵੀਜ਼ਤ ‘ਹਾਓਡੀ ਮੋਦੀ’ ਰੈਲੀ ਦਾ ਵੈਨਿਊ ਹੈ।

ਉਧਰ, ਮੋਦੀ ਦੇ ਦੌਰੇ ਤੋਂ ਪਹਿਲਾਂ ਅਮਰੀਕਾ ਦਾ ਹਿਊਸਟਨ ਸ਼ਹਿਰ ਹੜ੍ਹ ‘ਚ ਡੁੱਬਿਆ ਹੋਇਆ ਹੈ। ਪਿਛਲੇ ਤਿੰਨ ਦਿਨ ਤੋਂ ਹਿਊਸਟਨ ‘ਚ ਭਾਰੀ ਬਾਰਸ਼ ਹੋਈ ਹੈ। ਇਸ ਕਰਕੇ ਸ਼ਹਿਰ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਜੇਕਰ ਅਜਿਹੇ ਹਾਲਾਤ ਰਹੇ ਤਾਂ ਇਸ ਦਾ ਅਸਰ ਹਾਓਡੀ ਮੋਦੀ ਪ੍ਰੋਗਰਾਮ ‘ਤੇ ਪੈ ਸਕਦਾ ਹੈ।

ਹਿਊਸਟਨ ‘ਚ ਪੀਐਮ ਮੋਦੀ ਦਾ ਪ੍ਰੋਗਰਾਮ ਐਨਆਰਜੀ ਸਟੇਡੀਅਮ ‘ਚ ਹੋਵੇਗਾ। ਇਸ ਸਟੇਡੀਅਮ ਦੇ ਨੇੜੇ ਦਾ ਇਲਾਕਾ ਵੀ ਪਾਣੀ ਨਾਲ ਭਰ ਗਿਆ ਹੈ। ਈਸਟਰਨ ਦੇ ਕਈ ਇਲਾਕਿਆਂ ‘ਚ ਪਾਣੀ 10 ਫੁੱਟ ਤਕ ਭਰ ਗਿਆ ਸੀ, ਜਿਸ ਕਰਕੇ ਟ੍ਰੈਫਿਕ ਸਿਗਨਲ ਵੀ ਹੜ੍ਹ ਦੇ ਪਾਣੀ ‘ਚ ਆ ਗਏ ਸੀ। ਹਿਊਸਟਨ ‘ਚ ਕਾਰਾਂ ਪਾਣੀ ‘ਚ ਡੁੱਬਦੀਆਂ ਨਜ਼ਰ ਆਈਆਂ।