ਫ਼ਰੀਦਕੋਟ: ਪੰਜਾਬ ਦੇ ਨਾਮੀ ਕਬੱਡੀ ਖਿਡਾਰੀ ਰਹਿ ਚੁੱਕੇ ਦੁਰਲਭ ਸਿੰਘ ਬਰਾੜ ਨੂੰ ਮਨੀਲਾ ਵਿੱਚ ਗੋਲ਼ੀਆਂ ਨਾਲ ਭੁੰਨ ਦਿੱਤਾ ਗਿਆ। 37 ਸਾਲਾ ਸਾਬਕਾ ਕਬੱਡੀ ਖਿਡਾਰੀ ਦੁਰਲਭ ਫ਼ਰੀਦਕੋਟ ਦਾ ਰਹਿਣ ਵਾਲਾ ਸੀ ਤੇ ਅੱਜ ਕੱਲ੍ਹ ਫਿਲੀਪਾਈਨਜ਼ ਦੀ ਰਾਜਧਾਨੀ ਵਿੱਚ ਨਿਵੇਸ਼ ਦਾ ਕਾਰੋਬਾਰ ਕਰਦਾ ਸੀ। ਮਨੀਲਾ ਅੰਦਰ ਬੀਤੇ ਹਫ਼ਤੇ ਵਿੱਚ ਇਹ ਦੂਜੇ ਤੇ ਇਸ ਸਾਲ ਅੰਦਰ 5ਵੇਂ ਪੰਜਾਬੀ ਫਾਈਨਾਂਸਰ ਨੂੰ ਕਤਲ ਕੀਤਾ ਗਿਆ ਹੈ।


ਬੀਤੇ ਐਤਵਾਰ ਜਦ ਦੁਰਲਭ ਆਪਣੇ ਘਰ ਤੋਂ ਵਿਦੇਸ਼ੀ ਸਮੇਂ ਮੁਤਾਬਕ ਸਵੇਰੇ ਨੌਂ ਕੁ ਵਜੇ ਆਪਣੇ ਦਫ਼ਤਰ ਲਈ ਨਿਕਲ ਰਿਹਾ ਸੀ ਤਾਂ ਦੋ ਹਥਿਆਰਬੰਦ ਵਿਅਕਤੀਆਂ ਨੇ ਉਸ 'ਤੇ ਗੋਲ਼ੀਆਂ ਵਰ੍ਹਾ ਦਿੱਤੀਆਂ। ਦੁਰਲਭ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫ਼ਰੀਦਕੋਟ ਦੇ ਸਿਰਸੜ੍ਹੀ ਪਿੰਡ ਦਾ ਦੁਰਲਭ ਪਿਛਲੇ 15 ਸਾਲਾਂ ਤੋਂ ਮਨੀਲਾ ਵਿੱਚ ਰਹਿ ਰਿਹਾ ਸੀ। ਉਹ ਕੌਮੀ ਪੱਧਰ ਦਾ ਕਬੱਡੀ ਖਿਡਾਰੀ ਵੀ ਰਹਿ ਚੁੱਕਾ ਹੈ।

ਦੁਰਲਭ ਆਪਣੇ ਪਿੱਛੇ ਮਾਪੇ, ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਉਸ ਦੇ ਚਾਚਾ ਬਲਵਿੰਦਰ ਸਿੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬੀਆਂ ਦੇ ਹੋ ਰਹੇ ਕਤਲਾਂ ਦਾ ਮੁੱਦਾ ਫਿਲੀਪਾਈਨਜ਼ ਸਰਕਾਰ ਕੋਲ ਚੁੱਕਿਆ ਜਾਵੇ। ਦੁਰਲਭ ਦੇ ਕਤਲ 'ਤੇ ਪੰਜਾਬ ਦੇ ਸਾਬਕਾ ਵਿਰੋਧੀ ਧਿਰ ਦੇ ਲੀਡਰ ਤੇ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਹੁਕਮਰਾਨ ਚੰਗਾ ਰੁਜ਼ਗਾਰ ਦਿੰਦੇ ਤਾਂ ਸਾਡੇ ਨੌਜਵਾਨ ਇੰਝ ਵਿਦੇਸ਼ਾਂ ਵਿੱਚ ਜਾ ਕੇ ਨਾ ਮਰਦੇ।