ਆਖ਼ਰ ਪੁਤਿਨ ਵਿੱਚ ਕੀ ਹੈ ਖ਼ਾਸ ਜੋ ਚੌਥੀ ਵਾਰ ਬਣੇ ਰਾਸ਼ਟਰਪਤੀ
ਏਬੀਪੀ ਸਾਂਝਾ | 07 May 2018 07:43 PM (IST)
ਮਾਸਕੋ: ਵਲਾਦੀਮੀਰ ਪੁਤਿਨ ਨੇ ਅੱਜ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ। ਪੁਤਿਨ ਨੇ ਲਗਪਗ ਦੋ ਦਹਾਕਿਆਂ ਲੰਮਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਛੇ ਸਾਲਾਂ ਦੇ ਚੌਥੇ ਕਾਰਜਕਾਲ ਦੀ ਸ਼ੁਰੂਆਤ ਕਰ ਲਈ ਹੈ। ਪੁਤਿਨ 1999 ਤੋਂ ਹੀ ਸੱਤਾ ਵਿੱਚ ਹਨ। ਮਾਰਚ ਵਿੱਚ ਹੋਈਆਂ ਆਮ ਚੋਣਾਂ ਵਿੱਚ ਉਨ੍ਹਾਂ ਨੂੰ 76.7 ਫ਼ੀ ਸਦ ਵੋਟ ਮਿਲੇ ਸਨ। ਪੁਤਿਨ ਨੇ ਰੂਸ ਦੇ ਲੋਕਾਂ ਨੂੰ ਸਮਰਥਨ ਲਈ ਧੰਨਵਾਦ ਕਿਹਾ ਤੇ ਕਿਹਾ ਕਿ ਸਾਨੂੰ ਆਪਣੀ ਜਨਮਭੂਮੀ ਦੇ ਗੌਰਵ ਨੂੰ ਮੁੜ ਤੋਂ ਜਿਉਂਦਾ ਕਰਨਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦਾ ਮੁਖੀ ਹੋਣ ਦੇ ਨਾਤੇ ਮੈਂ ਰੂਸ ਦੀ ਤਾਕਤ ਤੇ ਤਰੱਕੀ ਵਧਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ। ਹਾਲਾਂਕਿ, ਸਿਰਫ਼ ਦੋ ਦਿਨ ਪਹਿਲਾਂ ਹੀ ਵਿਰੋਧੀ ਧਿਰ ਦੇ ਨੇਤਾ ਏਲੇਕਸੀ ਨਾਵਾਲਨੀ ਸਮੇਤ ਤਕਰੀਬਨ 1,600 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਇਹ ਲੋਕ ਦੇਸ਼ ਭਰ ਵਿੱਚ ਪੁਤਿਨ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ। ਰਾਸ਼ਟਰਪਤੀ ਵਜੋਂ ਪੁਤਿਨ ਆਪਣਾ ਚੌਥਾ ਕਾਰਜਕਾਲ 2024 ਵਿੱਚ ਪੂਰਾ ਕਰਨਗੇ। ਇਸ ਤੋਂ ਬਾਅਦ ਉਹ ਰਾਸ਼ਟਰਪਤੀ ਨਹੀਂ ਬਣ ਸਕਦੇ। ਹਾਲੇ ਤਕ ਉਨ੍ਹਾਂ ਨੇ ਆਪਣੇ ਉੱਤਰਾਧਿਕਾਰੀ ਸਬੰਧੀ ਕੋਈ ਐਲਾਨ ਤਾਂ ਮੁਸ਼ਕਲ ਬਲਕਿ ਕੋਈ ਸੰਕੇਤ ਵੀ ਨਹੀਂ ਦਿੱਤਾ ਹੈ।