ਸੋਲ/ਪਿਉਂਗਯਾਂਗ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ 'ਚ ਬੀਤੇ ਦਿਨੀਂ ਹੋਈ ਮੁਲਾਕਾਤ ਨੂੰ ਲੈ ਕੇ ਅਜੇ ਤੱਕ ਦੋਵੇਂ ਮੀਡੀਆ ਦੀਆਂ ਸੁਰਖੀਆਂ 'ਚ ਹਨ। ਕਿਮ ਜੋਂਗ ਉਨ ਦੀ ਦੱਖਣੀ ਕੋਰੀਆ ਦੀ ਯਾਤਰਾ ਤੋਂ ਬਾਅਦ ਹੁਣ ਤੱਕ ਕਈ ਵੀਡੀਓਜ਼ ਤੇ ਤਸਵੀਰਾਂ ਸਾਹਮਣੇ ਆਈਆਂ ਹਨ।


 

ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕਿਮ ਜੋਂਗ ਕੋਲ ਹਮੇਸ਼ਾਂ ਐਸ਼ ਟ੍ਰੇ ਯਾਨੀਕ ਸਿਗਰੇਟ ਦੀ ਰਾਖ ਸੁੱਟਣ ਵਾਲਾ ਟ੍ਰੇ ਹੁੰਦਾ ਹੈ। ਇਸ ਤੋਂ ਸਾਫ਼ ਹੈ ਕਿ ਉਹ ਸਿਗਰਟ ਦੇ ਖੂਬ ਸ਼ੌਕੀਨ ਹੋਣਗੇ ਜਦਕਿ ਦੂਜੇ ਪਾਸੇ ਉੱਤਰੀ ਕੋਰੀਆ ਦੇ ਲੋਕਾਂ ਨੂੰ ਕਿਮ ਦਾ ਤਾਨਾਸ਼ਾਹ ਸ਼ਾਸਨ ਸਿਗਰਟ ਪੀਣ ਤੋਂ ਮਨ੍ਹਾ ਕਰਦਾ ਰਿਹਾ ਹੈ। ਕਿਮ ਦੇ ਥੋੜਾ ਹੀ ਚੱਲਣ 'ਤੇ ਥੱਕ ਜਾਣ ਕਰਕੇ ਇਸ ਗੱਲ ਨੂੰ ਉਨ੍ਹਾਂ ਦੀ ਸਿਹਤ ਨਾਲੋਂ ਪਹਿਲੀ ਵਾਰ ਸਾਊਥ ਕੋਰੀਆ ਦੇ ਦੌਰੇ 'ਤੇ ਪਹੁੰਚਣ ਦੀ ਘਬਰਾਹਟ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਦੱਖਣੀ ਕੋਰੀਆ ਦੇ Chosun Ilbo ਨਾਂ ਦੇ ਅਖ਼ਬਾਰ ਨੇ ਕਿਮ ਦੇ ਜੁੱਤਿਆਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਹਨ। ਅਖ਼ਬਾਰ ਦਾ ਮੰਨਣਾ ਹੈ ਕਿ ਕਿਮ ਦੇ ਜੁੱਤਿਆਂ ਵਿੱਚ ਸੋਲ ਲੱਗਾ ਹੈ ਜੋ ਕਿਮ ਦੀ ਲੰਬਾਈ ਜ਼ਿਆਦਾ ਦਿਖਾਉਣ ਲਈ ਲਾਇਆ ਗਿਆ ਹੈ। ਕਿਮ ਦੀ ਲੰਬਾਈ 5 ਫੁੱਟ 6 ਇੰਚ ਦੱਸੀ ਜਾਂਦੀ ਹੈ। ਅਖ਼ਬਾਰ ਨੇ ਉਨ੍ਹਾਂ ਦੀ ਲੰਬਾਈ ਦਾ ਪਤਾ ਲਾਉਣ ਲਈ ਕਿਮ ਦੀਆਂ ਵੀਡੀਓਜ਼ ਤੇ ਤਸਵੀਰਾਂ ਐਕਸਪਰਟ ਨੂੰ ਦਿੱਤੀਆਂ ਸਨ ਜਿਸ ਨੇ ਇਹ ਪਤਾ ਲਾਇਆ ਕਿ ਜੁੱਤਿਆਂ ਦੇ ਸਹਾਰੇ ਘੱਟੋ-ਘੱਟ 2 ਇੰਚ ਲੰਬਾਈ ਵਧਾਈ ਗਈ ਹੈ।

ਜ਼ਿਕਰਯੋਗ ਹੈ ਕਿ ਤਾਨਾਸ਼ਾਹ ਤੇ ਸ਼ਾਸਕਾਂ ਦੀ ਲੰਬਾਈ ਨੂੰ ਉਨ੍ਹਾਂ ਦੀ ਤਾਕਤ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ। ਕਿਮ ਦੇ ਪਿਤਾ ਕਿਮ ਜੋਂਗ ਇਲ ਦੀ ਦੀ ਲੰਬਾਈ ਵੀ ਵਿਵਾਦਾਂ 'ਚ ਰਹੀ ਹੈ। ਉਨ੍ਹਾਂ ਦੀ ਲੰਬਾਈ 5 ਫੁੱਟ 2 ਇੰਚ ਦੱਸੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਲੰਬਾ ਦਿਖਾਉਣ ਲਈ ਵੱਖ-ਵੱਖ ਚੀਜ਼ਾਂ ਦਾ ਇਸਤੇਮਾਲ ਕਰਦੇ ਸਨ।

ਇੱਥੇ ਤਹਾਨੂੰ ਦੱਸ ਦਈਏ ਕਿ ਕਿਮ ਦੀਆਂ ਕੰਨ ਦੀਆਂ ਤਸਵੀਰਾਂ ਐਡਿਟ ਕਰਨ ਨੂੰ ਲੈ ਕੇ ਵੀ ਅਮਰੀਕਾ ਤੇ ਪੱਛਮੀ ਜਗਤ ਦੇ ਮੀਡੀਆ 'ਚ ਵਿਵਾਦ ਰਿਹਾ ਹੈ ਪਰ ਇਸ ਦੌਰੇ ਤੋਂ ਆਈਆਂ ਉਨ੍ਹਾਂ ਦੀਆਂ ਤਸਵੀਰਾਂ ਤੋਂ ਬਾਅਦ ਇਹ ਵਿਵਾਦ ਬੰਦ ਬਸਤੇ ਵਿੱਚ ਪੈ ਗਿਆ ਹੈ ਕਿ ਉੱਤਰ ਕੋਰੀਆ ਮੀਡੀਆ ਨੇ ਉਨ੍ਹਾਂ ਦੇ ਕੰਨਾਂ ਨੂੰ ਕਦੇ ਐਡਿਟ ਕੀਤਾ ਹੈ।