ਯੂਕਰੇਨ: ਯੂਕਰੇਨ ਇੰਟਰਨੈਸ਼ਨਲ ਏਅਰਲਾਇਨਸ (ਯੂਆਈਏ) ਨੇ ਬੁੱਧਵਾਰ ਨੂੰ ਇਰਾਨ ਵਿੱਚ ਜਹਾਜ਼ ਹਾਦਸੇ ਦਾ ਕਾਰਨ ਤਕਨੀਕੀ ਨੁਕਸ ਮੰਨਣ ਤੋਂ ਇਨਕਾਰ ਕਰ ਦਿੱਤਾ। ਏਅਰਲਾਇਨਸ ਦੇ ਉਪ ਪ੍ਰਧਾਨ ਇਹੋਰ ਸਨਸਨੋਵਸਕੀ ਨੇ ਕਿਹਾ ਕਿ ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਕਿ ਇਹ ਹਾਦਸਾ ਕਿਸੇ ਤਕਨੀਕੀ ਖਰਾਬੀ ਕਾਰਨ ਹੋਇਆ ਸੀ। ਯੂਕਰੇਨ ਦੀ ਸੁੱਰਖਿਆ ਪਰੀਸ਼ਦ ਨੇ ਕਿਹਾ ਹੈ ਕਿ ਰੂਸ ਦੀ ਮਿਜ਼ਾਈਲ, ਡ੍ਰੋਨ ਦੀ ਟੱਕਰ ਜਾਂ ਅੱਤਵਾਦੀ ਹਮਲਾ ਜਹਾਜ਼ ਦੇ ਹਾਦਸੇ ਦਾ ਕਾਰਨ ਹੋ ਸਕਦਾ ਹੈ।


ਇਸ ਜਹਾਜ਼ ਹਾਦਸੇ ਵਿੱਚ ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਸਮੇਤ ਸਾਰੇ 176 ਲੋਕ ਮਾਰੇ ਗਏ ਸਨ। ਇਸ ਜਹਾਜ਼ ਨੇ ਇਮਾਮ ਖਮੇਨੀ ਹਵਾਈ ਅੱਡੇ ਤੋਂ ਉਡਾਣ ਭਰੀ ਤੇ 3 ਮਿੰਟ ਬਾਅਦ ਇਹ ਪਰਾਂਡ ਖੇਤਰ ਵਿੱਚ ਕ੍ਰੈਸ਼ ਹੋ ਗਿਆ।

ਸਨਸਨੋਵਸਕੀ ਨੇ ਇਹ ਵੀ ਕਿਹਾ, “ਤਹਿਰਾਨ ਹਵਾਈ ਅੱਡਾ ਆਮ ਹਵਾਈ ਅੱਡਿਆਂ ਵਰਗਾ ਹੈ। ਅਸੀਂ ਕਈ ਸਾਲਾਂ ਤੋਂ ਇੱਥੇ ਉਡਾਣਾਂ ਦਾ ਸੰਚਾਲਨ ਕਰ ਰਹੇ ਹਾਂ। ਪਾਇਲਟਾਂ ਕੋਲ ਕਿਸੇ ਵੀ ਐਮਰਜੈਂਸੀ ਚੁਣੌਤੀ ਨਾਲ ਲੜਨ ਦੀ ਯੋਗਤਾ ਸੀ। ਸਾਡੇ ਰਿਕਾਰਡ ਦਰਸਾਉਂਦੇ ਹਨ ਕਿ ਜਹਾਜ਼ 2400 ਫੁੱਟ ਦੀ ਉਚਾਈ 'ਤੇ ਉਡਾਣ ਭਰ ਰਿਹਾ ਸੀ। ਕਰੂ ਦੇ ਤਜ਼ਰਬੇ ਦੇ ਲਿਹਾਜ਼ ਨਾਲ ਗੜਬੜੀ ਕਾਫ਼ੀ ਘੱਟ ਹੋਣੀ ਸੀ। ਅਸੀਂ ਇਸ ਨੂੰ ਸਿਰਫ ਸੰਜੋਗ ਨਹੀਂ ਮੰਨ ਸਕਦੇ। ”

ਦਰਅਸਲ, ਇੱਕ ਦਿਨ ਪਹਿਲਾਂ ਇਰਾਨ ਦੀ ਨਿਊਜ਼ ਏਜੰਸੀ ਨੇ ਜਹਾਜ਼ ਦੇ ਹਾਦਸੇ ਦੀ ਫੁਟੇਜ ਜਾਰੀ ਕੀਤੀ ਸੀ। ਇਸ ਵਿੱਚ, ਬੋਇੰਗ 737-800 ਨੂੰ ਹੇਠਾਂ ਡਿੱਗਣ ਤੋਂ ਪਹਿਲਾਂ ਫਾਇਰਬਾਲ ਵਿੱਚ ਬਦਲਦੇ ਦੇਖਿਆ ਜਾ ਸਕਦਾ ਹੈ। ਯੂਕਰੇਨ ਸੁਰੱਖਿਆ ਪਰੀਸ਼ਦ ਦੇ ਮੰਤਰੀ ਓਲੇਸਕੀ ਦਾਨੀਲੋਵ ਨੇ ਕਿਹਾ ਕਿ ਉਸ ਨੇ ਇਰਾਨ ਵਿੱਚ ਹੋਏ ਹਾਦਸੇ ਦੀ ਜਾਂਚ ਲਈ 10 ਤੋਂ ਵੱਧ ਜਾਂਚਕਰਤਾਵਾਂ ਨੂੰ ਭੇਜਿਆ ਹੈ।

ਇਰਾਨ ਦੀ ਐਵੀਏਸ਼ਨ ਅਥਾਰਟੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਰੈਸ਼ ਹੋਏ ਜਹਾਜ਼ਾਂ ਦਾ ਬਲੈਕ ਬਾਕਸ ਯੂਆਈਏ ਨੂੰ ਨਹੀਂ ਦਿੱਤਾ ਜਾਵੇਗਾ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਾਦਸੇ ਸਬੰਧੀ ਕੌਮਾਂਤਰੀ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੜਤਾਲ ਡੂੰਘਾਈ ਨਾਲ ਹੋਵੇਗੀ ਤੇ ਕੈਨੇਡਾ ਦੇ ਹਰ ਪ੍ਰਸ਼ਨ ਦਾ ਉੱਤਰ ਦੇਣਾ ਪਏਗਾ।