ਵਾਸ਼ਿੰਗਟਨ: ਅਮਰੀਕੀ ਏਜੰਸੀ ਐਫ਼ਬੀਆਈ ਨੂੰ ਲੋਕਾਂ ਦੇ ਰੋਹ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਫਲੋਰੀਡਾ ਦੇ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ 14 ਵਿਦਿਆਰਥੀਆਂ ਸਣੇ 17 ਜਾਨਾਂ ਲੈਣ ਵਾਲੇ ਜਨੂੰਨੀ ਹਮਲਾਵਰ ਨਿਕੋਲਸ ਕਰੂਜ਼ ਦੀ ਇਸ ਯੋਜਨਾ ਦਾ ਪਹਿਲਾਂ ਪਤਾ ਲੱਗ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰ ਸਕਣ ਕਾਰਨ ਮੁੱਖ ਜਾਂਚ ਏਜੰਸੀ ਐਫ਼ਬੀਆਈ ਤੋਂ ਲੋਕ ਡਾਹਢੇ ਖਫਾ ਹਨ।


ਦਿਲਚਸਪ ਗੱਲ਼ ਹੈ ਕਿ ਅਜਿਹਾ ਉਸ ਮੌਕੇ ਵਾਪਰ ਰਿਹਾ ਹੈ ਜਦੋਂ ਐਫ਼ਬੀਆਈ ਪਹਿਲਾਂ ਹੀ ਭਾਰੀ ਸਿਆਸੀ ਦਬਾਅ ਹੇਠ ਹੈ ਤੇ ਖ਼ੁਦ ਰਾਸ਼ਟਰਪਤੀ ਡੋਨਲਡ ਟਰੰਪ ਜਾਂਚ ਏਜੰਸੀ ਉਤੇ ਪੱਖਪਾਤ ਦਾ ਦੋਸ਼ ਲਾ ਰਹੇ ਹਨ। ਗੋਲੀਬਾਰੀ ਦਾ ਸ਼ਿਕਾਰ ਕੁਝ ਵਿਦਿਆਰਥੀਆਂ ਦਾ ਸਸਕਾਰ ਕੀਤੇ ਜਾਣ ਮੌਕੇ ਵੀ ਲੋਕਾਂ ਵਿੱਚ ਐਫ਼ਬੀਆਈ ਦੀ ਨਾਕਾਮੀ ਉਤੇ ਸਖ਼ਤ ਗੁੱਸਾ ਨਜ਼ਰ ਆ ਰਿਹਾ ਸੀ।

ਲੋਕਾਂ ਵਿੱਚ ਐਫ਼ਬੀਆਈ ਦੀ ਨਾਕਾਮੀ ਦੇ ਨਾਲ-ਨਾਲ ਅਮਰੀਕਾ ਵਿੱਚ ਬੰਦੂਕਾਂ ਦੀ ਆਸਾਨ ਉਪਲਬਧਤਾ ਖ਼ਿਲਾਫ਼ ਵੀ ਰੋਸ ਹੈ ਤੇ ਉਹ ਇਸ ਮੁਤੱਲਕ ਮੁਲਕ ਦੇ ਹਾਕਮਾਂ ਨੂੰ ਸਵਾਲ ਪੁੱਛ ਰਹੇ ਹਨ। ਐਫ਼ਬੀਆਈ ਨੇ ਖ਼ੁਦ ਮੰਨਿਆ ਹੈ ਕਿ ਇਸ ਨੂੰ ਬੀਤੀ 5 ਜਨਵਰੀ ਨੂੰ ਹਮਲਾਵਰ ਦੇ ਕਰੀਬੀ ਨੇ ਜਾਣਕਾਰੀ ਦਿਤੀ ਸੀ ਕਿ ਕਰੂਜ਼ ਕਿਸੇ ਸਕੂਲ ਵਿੱਚ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਇਸ ਤੋਂ ਇਲਾਵਾ ਕਰੂਜ਼ ਨੇ ਸੋਸ਼ਲ ਮੀਡੀਆ ਉਤੇ ਵੀ ਆਪਣੀ ਯੋਜਨਾ ਵੱਲ ਇਸ਼ਾਰਾ ਕਰਦੀਆਂ ਕੁਝ ਪੋਸਟਾਂ ਪਾਈਆਂ ਸਨ।