ਨਵੀਂ ਦਿੱਲੀ: ਪਾਕਿਸਤਾਨ ਦੇ ਕਸੂਰ ਵਿੱਚ 6 ਸਾਲਾ ਬੱਚੀ ਨਾਲ ਬਲਾਤਕਾਰ ਤੇ ਕਤਲ ਦੇ ਮਾਮਲੇ ਵਿੱਚ ਇਤਿਹਾਸਕ ਫੈਸਲਾ ਸੁਣਾਉਂਦਿਆਂ ਦੋਸ਼ੀ ਨੂੰ ਚਾਰ ਵਾਰ ਫਾਂਸੀ ਲਾਉਣ ਦਾ ਹੁਕਮ ਦੇ ਦਿੱਤਾ ਹੈ। ਪਾਕਿਸਤਾਨ ਦੀ ਅਤਿਵਾਦ ਵਿਰੋਧੀ ਅਦਾਲਤ (ਏ.ਟੀ.ਸੀ.) ਨੇ ਜ਼ੈਨਬ ਅੰਸਾਰੀ ਨਾਲ ਬਲਾਤਕਾਰ ਤੇ ਕਤਲ ਦੇ ਮਾਮਲੇ ਦੇ ਨਾਲ-ਨਾਲ 8 ਹੋਰ ਲੜਕੀਆਂ ਦੇ ਕਤਲ ਦੇ ਕਬੂਲਨਾਮੇ ਤੋਂ ਬਾਅਦ ਇਹ ਸਖ਼ਤ ਸਜ਼ਾ ਦਿੱਤੀ ਹੈ। ਹਾਲਾਂਕਿ, ਬਾਕੀ ਦੇ ਮਾਮਲਿਆਂ ਵਿੱਚ ਵੱਖਰੇ ਕੇਸ ਚੱਲਣਗੇ। ਅਦਾਲਤ ਨੇ ਪੂਰੇ ਮਾਮਲੇ ਦੀ ਸੁਣਵਾਈ ਡੇਢ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਪੂਰੀ ਕਰ ਦਿੱਤੀ ਹੈ।

ਕੋਟ ਲਖਪਤ ਜੇਲ੍ਹ ’ਚ ਕੈਮਰੇ ਦੀ ਨਿਗਰਾਨੀ ਵਿੱਚ ਉੱਚ ਸੁਰੱਖਿਆ ਹੇਠ ਚੱਲੇ ਟਰਾਇਲ ਦੌਰਾਨ ਏ.ਟੀ.ਸੀ. ਜੱਜ ਸੱਜਾਦ ਹੁਸੈਨ ਨੇ 23 ਸਾਲਾ ਇਮਰਾਨ ਅਲੀ ਨੂੰ ਬੱਚੀ ਦੇ ਕਤਲ, ਅਗਵਾ, ਬਲਾਤਕਾਰ ਤੇ ਗ਼ੈਰਕੁਦਰਤੀ ਵਰਤਾਰੇ ਦਾ ਦੋਸ਼ੀ ਦਸਦਿਆਂ ਮੌਤ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਨਾਬਾਲਗ ਦੀ ਲਾਸ਼ ਦੀ ਬੇਕਦਰੀ ਕਰਨ ਦੇ ਦੋਸ਼ ’ਚ ਮੁਜਰਮ ਨੂੰ ਸੱਤ ਸਾਲ ਦੀ ਜੇਲ੍ਹ ਦੇ ਨਾਲ ਕੁੱਲ 32 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ।

ਇਸ ਦੌਰਾਨ ਪੀੜਤ ਬੱਚੀ ਦੇ ਪਿਤਾ ਮੁਹੰਮਦ ਅਮੀਨ ਨੇ ਜਿੱਥੇ ਫ਼ੈਸਲੇ ’ਤੇ ਤਸੱਲੀ ਜ਼ਾਹਰ ਕੀਤੀ ਹੈ, ਉਥੇ ਮਾਂ ਨੇ ਕਿਹਾ ਕਿ ਮੁਲਜ਼ਮ ਨੂੰ ਸਰੇਬਾਜ਼ਾਰ ਫ਼ਾਹੇ ਲਾਇਆ ਜਾਵੇ ਜਾਂ ਪੱਥਰ ਮਾਰ ਕੇ ਮਾਰ ਦਿੱਤਾ ਜਾਵੇ। ਉੱਧਰ ਮੁਲਜ਼ਮ ਇਸ ਫ਼ੈਸਲੇ ਖ਼ਿਲਾਫ਼ 15 ਦਿਨਾਂ ਅੰਦਰ ਅਪੀਲ ਕਰ ਸਕਦਾ ਹੈ।



ਅਲੀ ਨੂੰ ਜ਼ੈਨਬ ਨਾਂ ਦੀ ਛੇ ਸਾਲਾ ਬੱਚੀ ਨਾਲ ਜਨਵਰੀ ’ਚ ਬਲਾਤਕਾਰ ਕਰਨ ਤੇ ਉਸ ਦੀ ਲਾਸ਼ ਕਸੂਰ ਸ਼ਹਿਰ ਵਿੱਚ ਕੂੜੇ ਦੇ ਢੇਰ ਵਿੱਚ ਸੁੱਟਣ ਦੇ ਦੋ ਹਫ਼ਤਿਆਂ ਮਗਰੋਂ ਕਾਬੂ ਕੀਤਾ ਗਿਆ ਸੀ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਪੂਰੇ ਮੁਲਕ ਦੇ ਲੋਕ ਸੜਕਾਂ ’ਤੇ ਉੱਤਰ ਆਏ ਸਨ। ਉਂਝ ਪਿਛਲੇ ਇੱਕ ਸਾਲ ਦੇ ਅਰਸੇ ਦੌਰਾਨ ਕਸੂਰ ਸ਼ਹਿਰ ਦੇ ਦਸ ਕਿਲੋਮੀਟਰ ਦੇ ਘੇਰੇ ’ਚ ਘਟੀ ਇਹ ਅਜਿਹੀ 12ਵੀਂ ਘਟਨਾ ਸੀ। ਅਲੀ ਦੀ ਗ੍ਰਿਫ਼ਤਾਰੀ ਨਾਲ ਅੱਠ ਅਜਿਹੇ ਹੋਰ ਮਾਮਲੇ ਸਾਹਮਣੇ ਆਉਣ ਮਗਰੋਂ ਮੁਲਜ਼ਮ ਨੂੰ ਸਰੇਬਾਜ਼ਾਰ ਫ਼ਾਹੇ ਲਾਉਣ ਦੀ ਮੰਗ ਉੱਠਣ ਲੱਗੀ ਸੀ।

ਸਰਕਾਰੀ ਵਕੀਲ ਅਹਿਤੇਸ਼ਮ ਕਾਦਿਰ ਨੇ ਫ਼ੈਸਲੇ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਲਜ਼ਮ ਨੂੰ ਆਪਣੇ ਬਚਾਅ ਲਈ ਪੂਰਾ ਮੌਕਾ ਦਿੱਤਾ ਗਿਆ ਸੀ, ਪਰ ਉਸ ਨੇ ਆਪਣਾ ਅਪਰਾਧ ਕਬੂਲ ਕਰਨਾ ਬਿਹਤਰ ਸਮਝਿਆ। ਕਾਦਿਰ ਮੁਤਾਬਕ ਮੁਲਜ਼ਮ ਖ਼ਿਲਾਫ਼ ਡੀ.ਐਨ.ਏ. ਤੇ ਪੋਲੀਗ੍ਰਾ਼ਫ਼ ਟੈਸਟ ਸਮੇਤ ਫੌਰੈਂਸਿਕ ਸਬੂਤਾਂ ਦੇ ਨਾਲ 56 ਗਵਾਹ ਵੀ ਪੇਸ਼ ਕੀਤੇ ਗਏ ਸਨ। ਵਕੀਲ ਨੇ ਕਿਹਾ ਕਿ ਇਮਰਾਨ ਨੇ ਅੱਠ ਹੋਰਨਾਂ ਕੁੜੀਆਂ ਨੂੰ ਮਾਰਨ ਦੀ ਗੱਲ ਵੀ ਕਬੂਲੀ ਹੈ ਤੇ ਇਨ੍ਹਾਂ ਲਈ ਉਸ ਖ਼ਿਲਾਫ਼ ਵੱਖਰੇ ਕੇਸ ਚੱਲਣਗੇ।