ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਨੇੜੇ ਲਿਮੋਜ਼ੀਨ ਕਾਰ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ 20 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਨਿਊਯਾਰਕ ਤੋਂ ਤਕਰੀਬਨ 257 ਕਿਲੋਮੀਟਰ ਦੂਰ ਸਕੋਹੌਰੀ ਵਿੱਚ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਲਿਮੋਜ਼ੀਨ ਕਾਰ ਪਾਰਕਿੰਗ ਵਿੱਚ ਖੜ੍ਹੀ ਐਸਯੂਵੀ ਨਾਲ ਟਕਰਾਅ ਗਈ।




ਹਾਦਸਾ ਦੱਖਣ ਪੱਛਮੀ ਸਟੇਟ ਰੂਟ 30ਏ 'ਤੇ ਸਥਾਨਕ ਸਮੇਂ ਮੁਤਾਬਕ ਬਾਅਦ ਦੁਪਹਿਰ ਦੋ ਵਜੇ ਵਾਪਰਿਆ, ਜਦ 2001 ਫੋਰਡ ਐਕਸਕਰੂਸ਼ਨ ਲਿਮੋਜ਼ੀਨ ਪਾਰਕਿੰਗ ਵਿੱਚ ਖੜ੍ਹੀ 2015 ਟੋਇਟਾ ਹਾਈਲੈਂਡਰ ਨਾਲ ਟਕਰਾਅ ਗਈ। ਲਿਮੋਜ਼ੀਨ ਵਿੱਚ ਕਈ ਜੋੜੇ ਵੀ ਸਵਾਰ ਸਨ ਤੇ ਉਹ ਜਨਮ ਦਿਨ ਦੇ ਜਸ਼ਨਾਂ ਵਿੱਚ ਗੁਆਚੇ ਹੋਏ ਸਨ ਕਿ ਇਹ ਦਰਦਨਾਕ ਹਾਦਸਾ ਵਾਪਰ ਗਿਆ।

ਪ੍ਰਸ਼ਾਸਨ ਨੇ ਦੱਸਿਆ ਕਿ ਜਿਨ੍ਹਾਂ ਮ੍ਰਿਤਕਾਂ ਵਿੱਚੋਂ 18 ਲਿਮੋਜ਼ੀਨ ਸਵਾਰ ਸਨ ਜਦਕਿ ਦੋ ਰਾਹਗੀਰ ਸਨ। ਨਿਊਯਾਰਕ ਪੁਲਿਸ ਦੇ ਸੀਨੀਅਰ ਡਿਪਟੀ ਸੁਪਰਡੈਂਟ ਕ੍ਰਿਸਟੋਫਰ ਫਿਓਰ ਨੇ ਦੱਸਿਆ ਕਿ ਉਹ ਮ੍ਰਿਤਕਾਂ ਨੇ ਨਾਂਅ ਉਜਾਗਰ ਨਹੀਂ ਕਰ ਸਕਦੇ, ਪਰ ਲਿਮੋਜ਼ੀਨ ਵਿੱਚ ਸਵਾਰ ਸਾਰੇ ਜਣੇ ਮਾਰੇ ਗਏ।



ਕੌਮੀ ਆਵਾਜਾਈ ਸੁਰੱਖਿਆ ਬੋਰਡ (ਐਨਟੀਐਸਬੀ) ਦੇ ਜਾਂਚਕਰਤਾਵਾਂ ਨੂੰ ਘਟਨਾਸਥਾਨ 'ਤੇ ਜਾਂਚ ਵਿੱਚ ਸਹਿਯੋਗ ਲਈ ਭੇਜਿਆ ਗਿਆ ਹੈ। ਬੋਰਡ ਦੇ ਚੇਅਰਮੈਨ ਰੌਬਰਟ ਸਮਵਾਲਟ ਦਾ ਕਹਿਣਾ ਹੈ ਕਿ ਫਰਵਰੀ 2009 ਤੋਂ ਬਾਅਦ ਇਹ ਹੁਣ ਤਕ ਦਾ ਸਭ ਤੋਂ ਭਿਆਨਕ ਸੜਕ ਹਾਦਸਾ ਹੈ।