ਚੰਡੀਗੜ੍ਹ: ਯੂਕੇ ਅਤੇ ਪੰਜਾਬ ਵਸਦੇ ਪੰਜਾਬੀ ਭਾਈਚਾਰੇ ਲਈ ਵੱਡੀ ਰਾਹਤ ਵਜੋਂ ਏਅਰ ਇੰਡੀਆ 16 ਅਗਸਤ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਲੰਡਨ ਹੀਥਰੇ ਹਵਾਈ ਅੱਡੇ ਵਿਚਾਲੇ ਸਿੱਧੀ ਉਡਾਣ ਮੁੜ ਸ਼ੁਰੂ ਕਰੇਗੀ। ਇਸ ਸੰਬੰਧੀ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ, ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਦੀ ਵੈਬਸਾਈਟ ’ਤੇ ਤਾਜ਼ਾ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਤੇ ਲੰਡਨ ਹੀਥਰੋ ਦੇ ਵਿਚਕਾਰ ਹਰ ਹਫਤੇ ਇੱਕ ਸਿੱਧੀ ਉਡਾਣ ਚਲਾਏਗੀ।


ਇਨ੍ਹਾਂ ਉਡਾਣਾਂ ਨੂੰ ਯੂਕੇ ਸਰਕਾਰ ਵਲੋਂ 8 ਅਗਸਤ ਤੋਂ ਭਾਰਤ ਦਾ ਨਾਂਅ ‘ਲਾਲ’ ਸੂਚੀ ਤੋਂ ਹਟਾ ਕੇ ਇਸਨੂੰ ‘ਏਂਬਰ’ ਸੂਚੀ ਵਿੱਚ ਪਾ ਦਿੱਤੇ ਜਾਣ ਤੋਂ ਬਾਅਦ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਉਡਾਣ ਹਰ ਸੋਮਵਾਰ ਲੰਡਨ ਹੀਥਰੋ ਤੋਂ ਦੁਪਹਿਰ 12;30 ਵਜੇ ਰਵਾਨਾ ਹੋਵੇਗੀ ਅਤੇ ਅੱਧੀ ਰਾਤ ਨੂੰ ਮੰਗਲਵਾਰ 1:10 ਵਜੇੇ ਅੰਮ੍ਰਿਤਸਰ ਪਹੁੰਚੇਗੀ। ਮੰਗਲਵਾਰ ਸਵੇਰੇ 3:10 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 7:10 ਵਜੇ ਲੰਡਨ ਪਹੁੰਚੇਗੀ। ਇਨ੍ਹਾਂ ਉਡਾਣਾਂ ਦੀ ਬੁਕਿੰਗ ਏਅਰ ਇੰਡੀਆ ਦੀ ਵੈਬਸਾਈਟ ਤੇ ਕੀਤੀ ਜਾ ਸਕਦੀ ਹੈ।


ਇਸ ਸਿੱਧੀ ਉਡਾਣ ਦੇ ਮੁੜ ਸ਼ੁਰੂ ਕੀਤੇ ਜਾਣ ਦਾ ਸਵਾਗਤ ਕਰਦਿਆਂ ਗੁਮਟਾਲਾ ਨੇ ਕਿਹਾ, “ਕੋਵਿਡ ਪਾਬੰਦੀਆਂ ਕਾਰਨ ਪੰਜਾਬ ਵਿੱਚ ਫਸ ਗਏ ਹਜ਼ਾਰਾਂ ਯੂਕੇ ਵਾਸੀ, ਵਿਦਿਆਰਥੀਆਂ ਅਤੇ ਹੋਰਨਾਂ ਯਾਤਰੀਆਂ ਲਈ ਇਹ ਉਡਾਣਾਂ ਬਹੁਤ ਸਹਾਈ ਹੋਣਗੀਆਂ ਅਤੇ ੳੇਨ੍ਹਾਂ ਨੂੰ ਦਿੱਲੀ ਰਾਹੀਂ ਜਾਣ ਦੀ ਬਜਾਏ, ਪੰਜਾਬ ਜਾਂ ਯੂਕੇ ਪਹੁੰਚਣ ਵਿਚ ਬਹੁਤ ਘੱਟ ਸਿਰਫ 8 ਤੋਂ 9 ਘੰਟੇ ਦਾ ਸਮਾਂ ਲੱਗੇਗਾ। ਸਾਨੂੰ ਆਸ ਹੈ ਕਿ ਸਥਿਤੀ ਵਿੱਚ ਹੋਰ ਸੁਧਾਰ ਆਓਣ ਅਤੇ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਨਾਲ ਏਅਰ ਇੰਡੀਆ ਆਪਣੀ ਅੰਮ੍ਰਿਤਸਰ ਬਰਮਿੰਘਮ ਸਿੱਧੀ ਉਡਾਣ ਨੂੰ ਵੀ ਮੁੜ ਸ਼ੁਰੂ ਕਰੇਗੀ।”


ਸੇਵਾ ਟਰੱਸਟ ਯੂ.ਕੇ. ਦੇ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਨੇ ਕਿਹਾ ਕਿ ਭਾਈਚਾਰੇ ਦੀ ਲੰਡਨ ਲਈ ਉਡਾਣਾਂ ਦੀ ਮੰਗ ਅੰਸ਼ਕ ਤੌਰ 'ਤੇ ਨਵੰਬਰ 2019 ਵਿੱਚ ਗੁਰੁ ਨਾਨਕ ਦੇਵ ਜੀ ਦੇ 550 ਵੇਂ ਗੁਰਪੂਰਬ ਦੇ ਸਮਾਗਮਾਂ ’ਤੇ ਪੂਰੀ ਹੋਈ ਜਦੋਂ ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਲੰਡਨ ਦੇ ਸੈਨਸਟੈਡ ਏਅਰਪੋਰਟ ਲਈ ਤਿੰਨ ਹਫਤਾਵਾਰੀ ਉਡਾਣਾਂ ਸ਼ੁਰੂ ਕੀਤੀਆਂ। ਇਸ ਦੇ ਬਾਵਜੂਦ ਅਸੀਂ ਲੰਡਨ ਹੀਥਰੋ ਲਈ ਸਿੱਧੀਆਂ ਉਡਾਣਾਂ ਦੀ ਮੰਗ ਕਰ ਰਹੇ ਹਾਂ ਕਿਉਂਕਿ ਪੰਜਾਬੀਆਂ ਦੀ ਬਹੁਗਿਣਤੀ ਹੀਥਰੋ ਦੇ ਨੇੜੇ ਵੀ ਰਹਿੰਦੀ ਹੈ ਜਿਸ ਵਿਚ ਕਾਰੋਬਾਰੀ ਵਰਗ ਦੇ ਯਾਤਰੀਆਂ ਦੀ ਵੀ ਵੱਡੀ ਗਿਣਤੀ ਹੈ।


ਪਿਛਲੇ ਦਸੰਬਰ ਵਿੱਚ ਯੂਕੇ 'ਚ ਕੋਵਿਡ ਦੇ ਵਧਣ ਤੋਂ ਬਾਅਦ ਭਾਰਤ ਨੇ ਦੋਵਾਂ ਦੇਸ਼ਾਂ ਦਰਮਿਆਣ ਉਡਾਣਾਂ ਨੂੰ ਸੀਮਤ ਕਰ ਦਿੱਤਾ ਸੀ ਜਿਸ ਕਾਰਨ ਅੰਮ੍ਰਿਤਸਰ ਤੋਂ ਲੰਡਨ ਅਤੇ ਬਰਮਿੰਘਮ ਲਈ ਸਿੱਧੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸੀ। ਇਸ ਸਾਲ 23 ਅਪ੍ਰੈਲ ਤੋਂ ਯੂਕੇ ਨੇ ਭਾਰਤ ਨੂੰ ਦੂਜੀ ਕੋਵਿਡ ਲਹਿਰ ਦੇ ਕਾਰਨ ਲਾਲ ਸੂਚੀ ਵਿੱਚ ਰੱਖਿਆ ਸੀ ਅਤੇ ਭਾਰਤੀ ਨਾਗਰਿਕਾਂ ਨੂੰ ਯੂਕੇ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਸੀ।


ਇਹ ਵੀ ਪੜ੍ਹੋ: ਪੁਰਾਣੀ ਰੰਜਿਸ਼ ਦੇ ਚਲਦਿਆਂ ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904