ਕਾਬੁਲ: ਅਫ਼ਗਾਨਿਸਤਾਨ 'ਚ ਰੌਇਟਰਸ ਦੇ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਹੱਤਿਆ ਕਰ ਦਿੱਤੀ ਗਈ ਹੈ। ਦਾਨਿਸ਼ ਸਿਦੀਕੀ ਅਫ਼ਗਾਨਿਸਤਾਨ 'ਚ ਮੌਜੂਦਾ ਹਾਲਾਤ ਨੂੰ ਕਵਰ ਕਰਨ ਲਈ ਪਿਛਲੇ ਕੁਝ ਦਿਨਾਂ ਤੋਂ ਉੱਥੇ ਡਟੇ ਹੋਏ ਸਨ। ਦਾਨਿਸ਼ ਸਿੱਦੀਕੀ ਦਿੱਲੀ ਦੇ ਰਹਿਣ ਵਾਲੇ ਸਨ।


ਅਫ਼ਗਾਨਿਸਤਾਨ ਦੇ ਸਮਾਚਾਰ ਚੈਨਲ ਟੋਲੋ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦਾਨਿਸ਼ ਸਿਦੀਕੀ ਦੀ ਮੌਤ ਕੰਧਾਰ ਸੂਬੇ ਦੇ ਸਪਿਨ ਬੋਲਡਕ ਇਲਾਕੇ 'ਚ ਹੋਈ ਹੈ ਜਿੱਥੇ ਉਹ ਮੌਜੂਦਾ ਹਾਲਾਤ ਕਵਰ ਕਰ ਰਹੇ ਸਨ।


ਦੱਸ ਦੇਈਏ ਕਿ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਤੋਂ ਹੀ ਉੱਥੇ ਭਿਆਨਕ ਹਿੰਸਾ ਜਾਰੀ ਹੈ। ਸਿਦੀਕੀ ਬੀਤੇ ਕੁਝ ਦਿਨਾਂ ਤੋਂ ਕੰਧਾਰ 'ਚ ਜਾਰੀ ਹਾਲਾਤਾਂ ਦੀ ਕਵਰੇਜ ਲਈ ਉੱਥੇ ਗਏ ਹੋਏ ਸਨ। ਸਿਦੀਕੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਟੀਵੀ ਰਿਪੋਰਟ ਦੇ ਰੂਪ 'ਚ ਕੀਤੀ ਸੀ ਤੇ ਬਾਅਦ 'ਚ ਉਹ ਫੋਟੋ ਜਨਰਲਿਸਟ ਬਣ ਗਏ ਸਨ।


ਦਾਨਿਸ਼ ਸਿਦੀਕੀ ਸਾਲ 2018 'ਚ ਆਪਣੇ ਸਹਿਯੋਗੀ ਅਦਨਾਨ ਆਬਿਦੀ ਨਾਲ ਪੁਲਤਿਜ਼ਰ ਜਿੱਤ ਚੁੱਕੇ ਹਨ। ਉਸ ਸਮੇਂ ਉਹ ਪੁਲਿਤਜ਼ਰ ਪੁਰਸਕਾਰ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਸਨ। ਦਾਨਿਸ਼ ਨੇ ਰੋਹਿੰਗਿਆ ਸ਼ਰਨਾਰਥੀ ਸੰਕਟ ਨੂੰ ਵੀ ਕਵਰ ਕੀਤਾ ਸੀ।


ਦਾਨਿਸ਼ ਨੇ ਮਾਸ ਕਮਿਊਨੀਕੇਸ਼ਨ ਕੋਰਸ ਐਮਸੀਆਰਸੀ ਜਾਮਿਆ ਮਿਲਿਆ ਇਸਲਾਮਿਆ ਨਵੀਂ ਦਿੱਲੀ ਤੋਂ ਕੀਤਾ ਸੀ। ਉਸ ਤੋਂ ਬਾਅਦ ਉਹ ਟੀਵੀ ਰਿਪੋਰਟਰ ਦੇ ਤੌਰ 'ਤੇ ਵੱਖ-ਵੱਖ ਟੀਵੀ ਚੈਨਲਾਂ ਨਾਲ ਜੁੜੇ। ਇਸ ਤੋਂ ਬਾਅਦ ਉਹ ਫੋਟੋਗ੍ਰਾਫੀ ਦੇ ਖੇਤਰ 'ਚ ਉੱਤਰੇ। ਦਿੱਲੀ 'ਚ ਪੈਦਾ ਹੋਏ ਤੇ ਵੱਡੇ ਹੋਏ ਦਾਨਿਸ਼ ਦਾ ਪਰਿਵਾਰ ਜਾਮਿਆ ਯੂਨੀਵਰਸਿਟੀ ਦੇ ਕੋਲ ਹੀ ਰਹਿੰਦਾ ਹੈ। ਉਨ੍ਹਾਂ ਦੀ ਪਤਨੀ ਜਰਮਨ ਤੇ ਦੋ ਬੱਚੇ ਹਨ।


ਭਾਰਤ 'ਚ ਅਫ਼ਗਾਨਿਸਤਾਨ ਦੇ ਰਾਜਦੂਤ ਫਰੀਦ ਮਾਮੁੰਦਜਈ ਨੇ ਦਾਨਿਸ਼ ਬਾਰੇ ਲਿਖਿਆ, 'ਕੱਲ੍ਹ ਰਾਤ ਕੰਧਾਰ 'ਚ ਇਕ ਦੋਸਤ ਦਾਨਿਸ਼ ਸਿਦੀਕੀ ਦੀ ਹੱਤਿਆ ਦੀ ਦੁਖਦਾਈ ਖ਼ਬਰ ਨਾਲ ਗਹਿਰਾ ਦੁੱਖ ਹੋਇਆ। ਭਾਰਤੀ ਪੱਤਰਕਾਰ ਤੇ ਪੁਲਿਤਜ਼ਰ ਪੁਰਸਕਾਰ ਜੇਤੂ ਅਫ਼ਗਾਨ ਸੁਰੱਖਿਆ ਬਲਾਂ ਦੇ ਨਾਲ ਸਨ। ਜਦੋਂ ਉਨ੍ਹਾਂ 'ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ।


 






ਇਸ ਤੋਂ ਪਹਿਲਾਂ ਦਾਨਿਸ਼ ਸਿਦੀਕੀ ਨੇ 13 ਜੂਨ ਨੂੰ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਹ ਜਿਸ ਵਾਹਨ 'ਚ ਸਵਾਰ ਸਨ। ਉਸ 'ਤੇ ਹਮਲਾ ਕੀਤਾ ਗਿਆ ਸੀ। ਉਨ੍ਹਾਂ ਲਿਖਿਆ ਸੀ, 'ਮੇਰੀ ਕਿਸਮਤ ਚੰਗੀ ਸੀ ਕਿ ਮੈਂ ਸੁਰੱਖਿਅਤ ਬਚ ਗਿਆ।'