ਮਹਿਤਾਬ-ਉਦ-ਦੀਨ


ਚੰਡੀਗੜ੍ਹ: ਕੈਨੇਡਾ ਸਰਕਾਰ ਹੁਣ ਕੋਵਿਡ-19 ਤੋਂ ਬਚਾਅ ਲਈ ਹਰ ਸੰਭਵ ਜਤਨ ਕਰ ਰਹੀ ਹੈ। ਦਰਅਸਲ, ਕੋਰੋਨਾ ਦੇ ਡੈਲਟਾ ਵੈਰੀਐਂਟ ਦੁਨੀਆ ਦੇ ਲਗਪਗ ਸਾਰੇ ਦੇਸ਼ਾਂ ਵਿੱਚ ਪੈਰ ਪਸਾਰ ਰਿਹਾ ਹੈ। ਕੋਰੋਨਾਵਾਇਰਸ ਮਹਾਮਾਰੀ ਦੇ ਅਜਿਹੇ ਸਾਰੇ ਵੇਰੀਐਂਟਸ ਤੋਂ ਬਚਾਅ ਲਈ ਹੁਣ ਭਾਰਤੀ ਨਾਗਰਿਕਾਂ ਨੂੰ ਕੈਨੇਡਾ ’ਚ ਸਿੱਧਾ ਦਾਖ਼ਲਾ ਨਹੀਂ ਦਿੱਤਾ ਜਾ ਰਿਹਾ।


ਅਧਿਕਾਰਤ ਟ੍ਰੈਵਲ ਐਡਵਾਈਜ਼ਰੀ ਵਿੱਚ ਸਪੱਸ਼ਟ ਆਖਿਆ ਗਿਆ ਹੈ ਕਿ ਭਾਰਤ ਦੀ ਕਿਸੇ ਵੀ ਕੋਵਿਡ-19 ਮੌਲੀਕਿਊਲਰ ਟੈਸਟ ਰਿਪੋਰਟ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ। ਕੈਨੇਡਾ ਜਾਣ ਲਈ ਭਾਰਤੀ ਨਾਗਰਿਕ ਨੂੰ ਪਹਿਲਾਂ ਕਿਸੇ ਤੀਜੇ ਦੇਸ਼ ਵਿੱਚ ਜਾ ਕੇ ਰੁਕਣਾ ਹੋਵੇਗਾ। ਉੱਥੋਂ ਲੋੜੀਂਦਾ ਟੈਸਟ ਕਰਵਾ ਕੇ ਹੀ ਉਸ ਦੀ ਨੈਗੇਟਿਵ ਰਿਪੋਰਟ ਨਾਲ ਹੀ ਕੋਈ ਭਾਰਤੀ ਕੈਨੇਡਾ ਦੀ ਸੀਮਾ ਅੰਦਰ ਦਾਖ਼ਲ ਹੋ ਸਕੇਗਾ।


ਭਾਰਤੀ ਯਾਤਰੀਆਂ ਲਈ ਕੈਨੇਡਾ ਸਰਕਾਰ ਦੀ ਐਡਵਾਈਜ਼ਰੀ ਇੱਥੇ ਪੜ੍ਹੋ


ਕੈਨੇਡਾ ਸਰਕਾਰ ਦੀਆਂ ਨਵੀਂਆਂ ਹਦਾਇਤਾਂ ਮੁਤਾਬਕ ਜਿਹੜੇ ਯਾਤਰੀ ਪਹਿਲਾਂ ਕੋਵਿਡ-19 ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਰਹਿ ਚੁੱਕੇ ਹਨ ਅਤੇ ਹੁਣ ਭਾਰਤ ਤੋਂ ਕੈਨੇਡਾ ਦੀ ਯਾਤਰਾ ਕਰਨੀ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਕਿਸੇ ਤੀਜੇ ਦੇਸ਼ ’ਚ ਕਰਵਾਇਆ ਗਿਆ ਕੋਰੋਨਾਵਾਇਰਸ ਟੈਸਟ ਪੇਸ਼ ਕਰਨਾ ਹੋਵੇਗਾ, ਜੋ 14 ਤੋਂ 90 ਦਿਨ ਪਹਿਲਾਂ ਤੱਕ ਦਾ ਹੋ ਸਕਦਾ ਹੈ। ਉਸ ਤੋਂ ਬਾਅਦ ਹੀ ਉਹ ਕੈਨੇਡਾ ਦੀ ਜੂਹ ਅੰਦਰ ਦਾਖ਼ਲ ਹੋ ਸਕਦੇ ਹਨ। ਪਰ ਇਸ ਲਈ ਵੀ ਭਾਰਤੀ ਯਾਤਰੀ ਨੂੰ ਤੀਜੇ ਦੇਸ਼ ਵਿੱਚ ਘੱਟੋ-ਘੱਟ 14 ਦਿਨ ਜ਼ਰੂਰ ਰਹਿਣਾ ਹੋਵੇਗਾ।


ਕੈਨੇਡਾ ਜਾਣ ਦੇ ਚਾਹਵਾਨ ਪੰਜਾਬ ਦੇ ਬਹੁਤ ਸਾਰੇ ਲੋਕਾਂ, ਖ਼ਾਸ ਕਰ ਕੇ ਵਿਦਿਆਰਥੀਆਂ ਨੂੰ ਅਜਿਹੀਆਂ ਕੋਵਿਡ ਪਾਬੰਦੀਆਂ ਤੇ ਰੋਕਾਂ ਕਾਰਣ ਡਾਢੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਕਾਰੋਬਾਰੀ ਵਪਾਰੀ ਵੀ ਅਜਿਹੀਆਂ ਰੁਕਾਵਟਾਂ ਕਾਰਣ ਡਾਢੇ ਦੁਖੀ ਹਨ।


ਕੈਨੇਡਾ ਦੁਨੀਆ ਦਾ ਇਕੱਲਾ ਅਜਿਹਾ ਦੇਸ਼ ਨਹੀਂ ਹੈ, ਜਿਸ ਨੇ ਭਾਰਤੀਆਂ ਦੀ ਸਿੱਧੀ ਆਮਦ ਉੱਤੇ ਇੰਝ ਪਾਬੰਦੀ ਲਾਈ ਹੈ। ਹੋਰ ਵੀ ਬਹੁਤ ਸਾਰੇ ਦੇਸ਼ਾਂ ਨੇ ਅਜਿਹੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ। ਦਰਅਸਲ, ਭਾਰਤ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਵਾਰ ਫਿਰ ਨਵੇਂ ਕੋਵਿਡ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇਸੇ ਲਈ ਹਜ਼ਾਰਾਂ ਭਾਰਤੀਆਂ ਨੂੰ ਬਹੁਤ ਸਾਰੇ ਦੇਸ਼ਾਂ ਦੇ ਵੀਜ਼ੇ ਪ੍ਰਵਾਨ ਨਹੀਂ ਕੀਤੇ ਜਾ ਰਹੇ। ਉਨ੍ਹਾਂ ਲਈ ਬਹੁਤ ਸਾਰੀਆਂ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ।


ਇਸ ਤੋਂ ਇਲਾਵਾ ਕੈਨੇਡਾ ਸਰਕਾਰ ਨੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਉੱਤਰ-ਪੂਰਬੀ ਭਾਰਤ ਵਿੱਚ ਨਾ ਜਾਣ ਦੀ ਸਲਾਹ ਵੀ ਦਿੱਤੀ ਹੈ। ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਭਾਰਤੀ ਇਲਾਕਿਆਂ ’ਚ ਵੀ ਨਵੇਂ ਕੋਰੋਨਾ ਮਾਮਲੇ ਵਧਣ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ।