ਲੰਡਨ- ਹੀਥਰੋ ਹਵਾਈ ਅੱਡੇ ਤੋਂ ਇੱਕ ਬੈਂਕ ਦੀ ਵੈਨ ‘ਚੋਂ 70 ਲੱਖ ਪੌਂਡ ਦੀ ਰਾਸ਼ੀ ਨਾਲ ਭਰ ਵੈਨ ਨੂੰ ਅਗਵਾ ਕਰਨ ਦੇ ਦੋਸ਼ਾਂ ਤਹਿਤ ਕਿੰਗਸਟਨ ਕਰਾਊਨ ਕੋਰਟ ਵਿੱਚ ਸਲੋਹ ਵਾਸੀ ਦੋ ਵਿਅਕਤੀਆਂ 31 ਸਾਲਾ ਮੁਹੰਮਦ ਸਦੀਕੀ ਅਤੇ 40 ਸਾਲਾ ਰਨਜੀਵ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ।
14 ਮਾਰਚ ਨੂੰ ਸਵੇਰੇ 8.30 ਵਜੇ ਇਨ੍ਹਾਂ ਦੋਵਾਂ ਨੇ ਬ੍ਰਿਟਿਸ਼ ਏਅਰਵੇਜ਼ ਦੇ ਕਾਰਗੋ ਡੀਪੂ ਤੋਂ 70 ਲੱਖ ਪੌਂਡ ਦੀ ਰਾਸ਼ੀ ਨਾਲ ਭਰੀ ਵੈਨ ਅਗਵਾ ਕੀਤੀ ਸੀ। ਸਵਿੱਸ ਬੈਂਕ ਤੋਂ ਆਈ ਇਹ ਰਾਸ਼ੀ ਬੈਂਕ ਆਫ ਆਇਰਲੈਂਡ ਜਾਣੀ ਸੀ।


ਲੁਮਿਜ ਇੰਟਰੈਸ਼ਨਲ ਟਰੱਕ ਡਲਿਵਰੀ ਵੱਲੋਂ ਭੇਜੀ ਗਈ ਇਸ ਵੈਨ ਵਿੱਚ 26 ਬੋਰੀਆਂ ਕੈਡਿਟ ਸੁਇਸ ਤੋਂ ਚੁੱਕ ਕੇ ਰਸਤੇ ਵਿੱਚ ਲੁੱਟ ਖਸੁੱਟ ਕੀਤੀ ਗਈ। ਅਦਾਲਤ ਵਿੱਚ ਦੱਸਿਆ ਗਿਆ ਕਿ ਜਦੋਂ ਰਨਜੀਵ ਵੈਨ ‘ਚੋਂ ਬਾਹਰ ਨਿਕਲ ਕੇ ਪਖਾਨੇ ਗਿਆ, ਤਾਂ ਵਾਪਸ ਆਉਣ ਸਮੇਂ ਸਦੀਕ ਨੋਟਾਂ ਨਾਲ ਭਰੀ ਵੈਨ ਲੈ ਕੇ ਜਾ ਚੁੱਕਾ ਸੀ। ਰਨਜੀਵ ਨੇ ਇਸ ਮੌਕੇ 20 ਮਿੰਟ ਅਲਾਰਮ ਨਹੀਂ ਵਜਾਇਆ। ਇੱਕ ਹੋਰ ਵੈਨ ਚਲਾ ਰਹੇ ਕਰਮਚਾਰੀ ਨੂੰ ਉਸ ਨੇ ਇਸ ਬਾਰੇ ਦੱਸਿਆ ਤਾਂ ਅਲਾਰਮ ਵਜਾਇਆ ਗਿਆ ਅਤੇ ਪੁਲਸ ਵੱਲੋਂ ਪਿੱਛਾ ਕਰਨ ‘ਤੇ ਅਗਵਾ ਹੋਈ ਵੈਨ ਫੈਲਥਮ ਨੇੜੇ ਇੱਕ ਸੁੰਨਸਾਨ ਸੜਕ ‘ਤੇ ਖੜ੍ਹੀ ਮਿਲੀ। ਪੁਲਸ ਦੇ ਪਹੁੰਚਣ ਤੋਂ ਪਹਿਲਾਂ 70 ਲੱਖ ਪੌਂਡ ਗਾਇਬ ਹੋ ਚੁੱਕੇ ਸੀ।

ਅਦਾਲਤ ਵਿੱਚ ਦੱਸਿਆ ਗਿਆ ਕਿ ਇਹ ਪੈਸਾ ਇੱਕ ਹੋਰ ਚਿੱਟੇ ਰੰਗ ਦੀ ਵੈਨ ਵਿੱਚ ਇੱਕ ਹੋਰ ਬੰਦੇ ਦੀ ਮਦਦ ਨਾਲ ਰੱਖ ਕੇ ਅੱਗੇ ਭੇਜ ਦਿੱਤਾ ਗਿਆ ਸੀ। ਇਸ ਵਿੱਚ ਰਫਕਤ ਹੁਸੈਨ ਲੁੱਟ ਦਾ ਦੋਸ਼ ਮੰਨ ਚੁੱਕਾ ਹੈ। ਪਾਕਿਸਤਾਨੀ ਮੂਲ ਦੇ ਰਫਕਤ ਹੁਸੈਨ ਨਾਲ ਉਸ ਦੀ ਪਤਨੀ ਰਜ਼ਵਾਨਾ ਜ਼ੇਬ ਵੀ ਇਸ ਵਿੱਚ ਸ਼ਾਮਲ ਹੈ। ਰਜ਼ਵਾਨਾ ਨੇ ਆਪਣੇ ਪਾਕਿਸਤਾਨੀ ਬੈਂਕ ਅਕਾਊਂਟ ਵਿੱਚ ਨੌਂ ਲੱਖ ਪੌਂਡ ਦੀ ਟਰਾਂਜ਼ੈਕਸ਼ਨ ਕੀਤੀ ਸੀ। ਪੰਜਵਾਂ ਦੋਸ਼ੀ ਗੈਰੀ ਕਾਰੌਡ ਨੂੰ ਵੀ ਦੋਸ਼ੀ ਮੰਨਿਆ ਗਿਆ ਹੈ।

ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਦੇ ਹੈਲਨ ਸ਼ਾਅ ਅਨੁਸਾਰ ਰਨਜੀਵ ਸਿੰਘ, ਮੁਹੰਮਦ ਸਦੀਕੀ ਅਤੇ ਰਫਤਾਕ ਹੁਸੈਨ ਦਾ 70 ਲੱਖ ਪੌਂਡ ਚੋਰੀ ਵਿੱਚ ਹੱਥ ਸੀ, ਪਰ ਇਹ ਪੈਸਾ ਹਾਲੇ ਤੱਕ ਬਰਾਮਦ ਨਹੀਂ ਹੋਇਆ। ਦੋਸ਼ੀਆਂ ਨੂੰ 18 ਅਕਤੂਬਰ ਨੂੰ ਸਜ਼ਾ ਸੁਣਾਈ ਜਾਏਗੀ।