ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਨੇ ਇੱਕ ਹੋਰ ਦਸਤਾਰਧਾਰੀ ਸਿੱਖ ਨੂੰ ਸਰਕਾਰ ਵਿੱਚ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਓਟਾਰੀਓ ਦੇ ਰਹਿਣ ਵਾਲੇ ਸਿੱਖ ਬੈਂਕਰ ਸਰਬਜੀਤ ਸਿੰਘ ਮਾਰਵਾਹ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸੈਨੇਟ ਮੈਂਬਰ ਵਜੋਂ ਨਿਯੁਕਤ ਕੀਤਾ ਹੈ। ਇਸ ਅਹੁਦੇ ਉਤੇ ਪਹੁੰਚਣ ਵਾਲਾ ਸਰਬਜੀਤ ਸਿੰਘ ਮਾਰਵਾਹ ਪਹਿਲੇ ਸਿੱਖ ਹਨ।

ਸਰਬਜੀਤ ਸਿੰਘ ਮਾਰਵਾਹ ਦੀ ਇਸ ਨਿਯੁਕਤੀ ਕਾਰਨ ਕੈਨੇਡਾ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਖ਼ਾਸ ਤੌਰ ਉੱਤੇ ਪੰਜਾਬੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਹੈ। ਸਰਬਜੀਤ ਸਿੰਘ ਉਨ੍ਹਾਂ ਛੇ ਲੋਕਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਟਰੂਡੋ ਨੇ ਸੁਤੰਤਰ ਸੈਨੇਟਰ ਦੇ ਰੂਪ ਵਿਚ ਓਨਟਾਰੀਓ ਤੋਂ ਚੁਣਿਆ ਹੈ। ਉਨ੍ਹਾਂ ਤੋਂ ਇਲਾਵਾ ਚੁਣੇ ਗਏ ਸੈਨੇਟਰ— ਗਵੇਨ ਬੋਨੀਫੇਸ (ਓਨਟਾਰੀਓ ਪ੍ਰੋਵਿੰਸ਼ੀਅਲ ਪੁਲਸ ਦੇ ਸਾਬਕਾ ਕਮਿਸ਼ਨਰ), ਟੋਨੀ ਡੀਨ (ਸਾਬਕਾ ਪ੍ਰੋਫੈਸਰ ਅਤੇ ਓਨਟਾਰੀਓ ਸਰਕਾਰ ਵਿਚ ਸੀਨੀਅਰ ਬਿਊਰੋਕਰੈਟ), ਲੂਸੀ ਮੋਨੀਕੀਅਨ, ਕਿੰਬਰਲੇ ਪੈਟੇ ਅਤੇ ਹਾਵਰਡ ਵੈਟਸਟਨ ਹਨ।
ਮਰਵਾਹਾ ਸਕੋਸ਼ੀਆ ਬੈਂਕ ਵਿਚ ਕਈ ਸੀਨੀਅਰ ਅਹੁਦਿਆਂ 'ਤੇ ਸੇਵਾਵਾਂ ਨਿਭਾਅ ਚੁੱਕੇ ਹਨ। ਉਹ 1998 ਵਿਚ ਚੀਫ਼ ਫਾਈਨੈਂਸ਼ੀਅਲ ਅਫ਼ਸਰ, 2002 ਵਿਚ ਸੀਨੀਅਰ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਅਤੇ ਚੀਫ਼ ਫਾਈਨੈਂਸ਼ੀਅਲ ਅਫ਼ਸਰ ਅਤੇ ਤਿੰਨ ਸਾਲਾਂ ਬਾਅਦ ਵਾਈਸ ਚੇਅਰਮੈਨ ਅਤੇ ਚੀਫ਼ ਐਡਮਿਨਸਟ੍ਰੇਟਿਵ ਅਫ਼ਸਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।