ਨਵੀਂ ਦਿੱਲੀ: ਸਾਊਦੀ ਅਰਬ ਵਿੱਚ ਨੌਕਰੀ ਕਰਨ ਜਾਣ ਵਾਲੇ ਭਾਰਤੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਹੁਣ ਇਹ ਭਾਰਤੀ ਆਪਣੀ ਮਰਜ਼ੀ ਨਾਲ ਨੌਕਰੀ ਬਦਲ ਸਕਣਗੇ ਤੇ ਨਾਲ ਹੀ ਮਰਜ਼ੀ ਮੁਤਾਬਕ ਦੇਸ਼ ਆ ਤੇ ਜਾ ਸਕਣਗੇ। ਸਾਊਦੀ ਵਿੱਚ ਰਹਿੰਦੇ ਭਾਰਤੀਆਂ ਸਮੇਤ ਤਕਰੀਬਨ ਇੱਕ ਕਰੋੜ ਕਾਮਿਆਂ ਨੂੰ ਇਸ ਦਾ ਲਾਭ ਮਿਲੇਗਾ।


ਸਾਊਦੀ ਨੇ ਪਿਛਲੇ ਸਾਲ ਨਵੰਬਰ ਵਿੱਚ ਉੱਥੋਂ ਦੇ ਵਰਕ ਪਰਮਿਟ ਯਾਨੀ ਕਿ ਕਫਾਲਾ ਸਿਸਟਮ ਵਿੱਚ ਬਦਲਾਅ ਕਰ ਨਵੇਂ ਕਫਾਲਾ ਸਪੌਂਸਰਸ਼ਿਪ ਸਿਸਟਮ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਇਸ ਨੂੰ ਐਤਵਾਰ ਨੂੰ ਅਧਿਕਾਰਤ ਤੌਰ 'ਤੇ ਲਾਗੂ ਕਰ ਦਿੱਤਾ ਗਿਆ ਹੈ। ਨਵੇਂ ਕਫਾਲਾ ਸਪੌਂਸਰਸ਼ਿਪ ਸਿਸਟਮ ਤਹਿਤ ਜੋ ਮਜ਼ਦੂਰ ਆਪਣੀ ਕੰਪਨੀ ਜਾਂ ਮਾਲਕ ਦੇ ਮਾੜੇ ਵਤੀਰੇ ਤੋਂ ਦੁਖੀ ਹੈ ਜਾਂ ਉਸ ਨੂੰ ਤਨਖ਼ਾਹ ਘੱਟ ਦਿੱਤੀ ਜਾ ਰਹੀ ਹੋਵੇ, ਤਾਂ ਅਜਿਹੀ ਸੂਰਤ ਵਿੱਚ ਉਹ ਆਪਣੇ ਨੌਕਰੀਦਾਤਾ ਲਈ ਕੰਮ ਕਰਨ ਦੀ ਪਾਬੰਦੀ ਤੋਂ ਬਾਹਰ ਜਾ ਸਕਦਾ ਹੈ।


ਸਾਊਦੀ ਅਰਬ ਮਨੁੱਖੀ ਸਾਧਨ ਤੇ ਸਮਾਜਿਕ  ਵਿਕਾਸ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਦੇ ਤਹਿਤ ਵਿਦੇਸ਼ੀ ਕਰਮਚਾਰੀਆਂ ਨੂੰ ਇਕ ਥਾਂ ਤੋਂ ਦੂਜੀ ਥਾਂ ਕੰਮ ਕਰਨ, ਨੌਕਰੀ ਛੱਡਣ, ਦੇਸ਼ ਚ ਫਿਰ ਤੋਂ ਦਾਖਲ ਹੋਣ ਤੇ ਆਪਣੇ ਇੰਪਲਾਇਰ ਦੀ ਸਹਿਮਤੀ ਤੋਂ ਬਿਨਾਂ ਅੰਤਿਮ ਨਿਕਾਸੀ ਵੀਜ਼ਾ ਸੁਰੱਖਿਅਤ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਨ੍ਹਾਂ ਸੁਧਾਰਾਂ ਦੀ ਲੰਬੇ ਸਮੇਂ ਤੋਂ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਮਜਦੂਰ ਸਿੱਥੇ ਤੌਰ 'ਤੇ ਸਰਕਾਰੀ ਸੇਵਾਵਾਂ ਲਈ ਬਿਨੈ ਕਰ ਸਕਣਗੇ। ਕੰਪਨੀ ਦੇ ਮਾਲਕਾਂ ਦੇ ਨਾਲ ਜੋ ਵੀ ਕਾਂਟ੍ਰੈਕਟ ਹੋਵੇਗਾ, ਉਸ ਨੂੰ ਆਨਲਾਈਨ ਰੱਖਿਆ ਜਾਵੇਗਾ।


ਇਸ ਤੋਂ ਪਹਿਲਾਂ ਬਿਨਾਂ ਕੰਪਨੀ ਦੀ ਇਜਾਜ਼ਤ ਪਰਵਾਸੀ ਮਜਦੂਰ ਅਜਿਹਾ ਨਹੀਂ ਕਰ ਸਕਦੇ ਸਨ। ਜ਼ਿਆਦਾਤਰ ਮਾਮਲਿਆਂ 'ਚ ਵੀਜ਼ਾ ਦਾ ਡਰ ਦਿਖਾ ਕੇ ਮਜਦੂਰਾਂ ਦਾ ਸੋਸ਼ਨ ਕੀਤਾ ਜਾਂਦਾ ਸੀ। ਸਾਊਦੀ ਅਰਬ ਦੇ ਮਨੁੱਖੀ ਸਾਧਨ ਮੰਤਰਾਲੇ ਦੇ ਉਪ ਮੰਤਰੀ ਅਬਦੁੱਲਾ ਬਿਨ ਨਸੀਰ ਨੇ ਕਿਹਾ ਸੀ ਕਿ ਅਸੀਂ ਦੇਸ਼ 'ਚ ਇਕ ਬਿਹਤਰ ਮਜਦੂਰ ਬਜ਼ਾਰ ਬਣਾਉਣਾ ਚਾਹੁੰਦੇ ਹਾਂ ਤੇ ਨਾਲ ਹੀ ਮਜਦੂਰਾਂ ਲਈ ਕੰਮ ਦੇ ਮਾਹੌਲ ਨੂੰ ਵੀ ਬਿਹਤਰ ਬਣਾਉਣਾ ਚਾਹੁੰਦੇ ਹਨ।


ਕਾਨੂੰਨਾਂ 'ਚ ਇਨ੍ਹਾਂ ਬਦਲਾਵਾਂ ਨਾਲ ਵਿਜ਼ਨ 2030 ਦੇ ਉਦੇਸ਼ਾਂ ਨੂੰ ਹਾਸਲ ਕਰਨ 'ਚ ਮਦਦ ਮਿਲੇਗੀ। ਵਿਜ਼ਨ 2030 ਤਹਿਤ ਸਾਊਦੀ ਅਰਬ ਤੇਲ 'ਤੇ ਆਪਣੀ ਨਿਰਭਰਤਾ ਘੱਟ ਕਰਕੇ ਦੂਜੇ ਖੇਤਰਾਂ 'ਚ ਵੀ ਅੱਗੇ ਵਧਣਾ ਚਾਹੁੰਦਾ ਹੈ।