ਚੰਡੀਗੜ੍ਹ: ਬੱਚਿਆਂ ਨਾਲ ਬਲਾਤਕਾਰ ਕਰਨ ਵਾਲੇ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਹੇ ਇਮਰਾਨ ਅਲੀ ਨੂੰ ਜਨਤਕ ਤੌਰ 'ਤੇ ਫਾਂਸੀ ਨਹੀਂ ਦਿੱਤੀ ਜਾਵੇਗੀ। ਅਦਾਲਤ ਨੇ ਜ਼ੈਨਬ ਅੰਸਾਰੀ ਦੇ ਪਿਤਾ ਵੱਲੋਂ ਦੋਸ਼ੀ ਇਮਰਾਨ ਨੂੰ ਲੋਕਾਂ ਸਾਹਮਣੇ ਫਾਂਸੀ ਲਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ। ਹੁਣ ਇਮਰਾਨ ਨੂੰ ਭਲਕੇ ਪਹਿਲਾਂ ਤੋਂ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਬੁੱਧਵਾਰ ਨੂੰ ਫਾਂਸੀ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਸਈਅਦ ਅਹਿਮਦ ਨੇ ਜ਼ੈਨਬ ਕਤਲ ਕੇਸ ਦੇ ਦੋਸ਼ੀ ਇਮਰਾਨ ਅਲੀ ਖ਼ਿਲਾਫ਼ ਮੌਤ ਦੇ ਵਾਰੰਟ ਜਾਰੀ ਕਰ ਉਸ ਨੂੰ 17 ਅਕਤੂਬਰ ਨੂੰ ਫਾਂਸੀ ਦਿੱਤੇ ਜਾਣ ਦੇ ਨਿਰਦੇਸ਼ ਸਨ। ਇਮਰਾਨ ਸੀਰੀਅਲ ਕਾਤਲ ਹੈ ਜਿਸ ਨੇ ਬੱਚੀ ਜ਼ੈਨਬ ਅੰਸਾਰੀ ਸਣੇ ਕਈ ਬੱਚੀਆਂ ਦਾ ਬਲਾਤਕਾਰ ਤੇ ਕਤਲ ਕੀਤਾ ਸੀ। ਇਸ ਤੋਂ ਪਹਿਲਾਂ ਜ਼ੈਨਬ ਕੇਸ ਦੇ ਮੁੱਖ ਦੋਸ਼ੀ ਇਮਰਾਨ ਅਲੀ ਨੂੰ ਚਾਰ ਦੋਸ਼ਾਂ ਤਹਿਤ ਸਜ਼ਾ-ਏ-ਮੌਤ, ਇੱਕ ਉਮਰ ਕੈਦ, ਸੱਤ ਸਾਲ ਦੀ ਕੈਦ ਤੇ 20 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ।
ਇਹ ਘਟਨਾ ਇਸ ਸਾਲ ਜਨਵਰੀ 'ਚ ਵਾਪਰੀ ਸੀ। ਉਸ ਵੇਲੇ ਕੂੜੇ ਦੇ ਢੇਰ 'ਚੋਂ ਬੱਚੀ ਦੀ ਲਾਸ਼ ਮਿਲੀ ਸੀ। ਬੱਚੀ 4 ਜਨਵਰੀ, 2018 ਨੂੰ ਲਾਪਤਾ ਹੋਈ ਸੀ। ਇਸ ਮਗਰੋਂ 9 ਜਨਵਰੀ, 2018 ਨੂੰ ਕੁੜੇ ਦੇ ਢੇਰ 'ਚ ਬੱਚੀ ਦੀ ਲਾਸ਼ ਮਿਲੀ ਸੀ। ਇਹ ਬੱਚੀ ਲਾਹੌਰ ਦੇ ਕਸੂਰ ਦੀ ਰਹਿਣ ਵਾਲੀ ਸੀ। ਦੋਸ਼ੀ ਮੁੰਹਮਦ ਇਮਰਾਨ 23 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਆਪਣਾ ਜ਼ੁਰਮ ਕਬੂਲ ਲਿਆ ਸੀ।