ਸਰੀ: ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਤੇ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਜਰ ਦਾ ਐਤਵਾਰ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਜਦੋਂ ਉਹ ਗੁਰੂਘਰ ਤੋਂ ਆਪਣੇ ਘਰ ਰਵਾਨਾ ਹੋਣ ਲਈ ਆਪਣੇ ਪਿਕਅਪ ਟਰੱਕ ਵਿੱਚ ਬੈਠਾ ਤਾਂ ਅਣਪਛਾਤੇ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਕਤਲ ਮਾਮਲੇ ਨੂੰ ਲੈ ਕੇ ਵੱਖ-ਵੱਖ ਤੱਥ ਸਾਹਮਣੇ ਆ ਰਹੇ ਹਨ। ਇੱਕ ਸਥਾਨਕ ਅਖਬਾਰ ਦੀ ਰਿਪੋਰਟ ਚ ਦੱਸਿਆ ਗਿਆ ਹੈ ਕਿ ਹਰਦੀਪ ਸਿੰਘ ਨਿੱਝਰ ਦਾ ਕਤਲ ਕਰਨ ਵਾਲੇ ਨੂੰ ਇਨਾਮ ਦੇਣ ਸਬੰਧੀ ਇਸ਼ਤਿਹਾਰ ਕਈ ਹਫ਼ਤੇ ਤੋਂ ਇਕ ਖਾਸ ਵੈਬਸਾਈਟ 'ਤੇ ਨਜ਼ਰ ਆ ਰਿਹਾ ਸੀ। ਉਥੇ ਹੀ ਦੂਜੇ ਪਾਸੇ ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਮਾਮਲੇ ਦੀ ਜਾਂਚ ਅੱਗੇ ਵਧਾਉਂਦਿਆਂ ਕੈਨੇਡੀਅਨ ਖੁਫੀਆ ਏਜੰਸੀ ਨਾਲ ਤਾਲਮੇਲ ਸਥਾਪਤ ਕੀਤਾ ਜਾ ਰਿਹਾ ਹੈ। 



ਇਸ ਤੋਂ ਇਲਾਵਾ ਕੁਝ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਹਰਦੀਪ ਸਿੰਘ ਦੇ ਪਿੱਛੇ ਉਸਦਾ ਖਾਲਿਸਤਾਨ ਹਮਾਇਤੀ ਹੋਣ ਅਤੇ ਦੂਜਾ ਸਰੀ ਸਿਆਸੀ ਵਿਵਾਦ ਵੀ ਕਾਰਨ ਹੋ ਸਕਦਾ ਹੈ। ਆਈ.ਐਚ.ਆਈ.ਟੀ. ਦੇ ਸਾਰਜੈਂਟ ਟਿਮੋਥੀ ਪੀਅਰੌਟੀ ਨੇ ਇਸ ਮਾਮਲੇ ਸਬੰਧੀ ਬੋਲਦਿਆਂ ਕਿਹਾ ਕਿ ਗੋਲੀਬਾਰੀ ਦੌਰਾਨ ਕਈ ਲੋਕ ਗੁਰੂ ਘਰ ਵਿਚ ਮੌਜੂਦ ਸਨ ਅਤੇ ਇਸ ਸਬੰਧੀ ਸਭ ਨਾਲ ਗੱਲ ਕਰਨੀ ਲਾਜ਼ਮੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕਤਲ ਤੋਂ ਪਹਿਲਾਂ ਅਤੇ ਬਾਅਦ ਵਾਲੀ ਡੈਸ਼ਕੈਮ ਵੀਡੀਓ ਮਾਮਲਾ ਸੁਲਝਾਉਣ ਵਿਚ ਵੱਡੀ ਮਦਦ ਕਰ ਸਕਦੀ ਹੈ।


ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਕਤਲ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕੈਨੇਡਾ ਸਰਕਾਰ ਨੂੰ ਵਿਦੇਸ਼ੀ ਦਖਲ ਦੇ ਨਜ਼ਰੀਏ ਤੋਂ ਪੜਤਾਲ ਕਰਨ ਦੀ ਅਪੀਲ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਤੇਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਹਰਦੀਪ ਸਿੰਘ ਨਿੱਜਰ ਦਾ ਕਤਲ ਕੈਨੇਡੀਅਨ ਸਿੱਖਾਂ ਵਾਸਤੇ ਚਿਤਾਵਨੀ ਹੈ। ਨਿੱਜਰ ਦੇ ਨਜ਼ਦੀਕੀ ਦੱਸੇ ਜਾਂਦੇ ਭੁਪਿੰਦਰ ਸਿੰਘ ਹੋਠੀ ਨੇ ਕਿਹਾ ਕਿ ਖਾਲਿਸਤਾਨ ਦਾ ਹਮਾਇਤੀ ਹੋਣ ਕਾਰਨ ਉਸ ਨੂੰ ਅਤੀਤ ਵਿਚ ਵੀ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਸਨ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।