ਟੋਰੰਟੋ: ਕੈਨੇਡਾ ਦੇ ਪ੍ਰਮੁੱਖ ਸ਼ਹਿਰ ਟੋਰੰਟੋ ਦੇ ਗ੍ਰੀਕਟਾਊਨ ਵਿੱਚ ਇੱਕ ਹਮਲਾਵਰ ਵੱਲੋਂ ਗੋਲ਼ੀਆਂ ਚਲਾਉਣ ਨਾਲ ਦੋ ਮੌਤਾਂ ਹੋ ਗਈਆਂ ਹਨ ਤੇ ਘੱਟੋ ਘੱਟ 13 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜ਼ਖ਼ਮੀਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਪੁਲਿਸ ਨੇ ਹਮਲਾਵਰ ਨੂੰ ਮੌਕੇ 'ਤੇ ਢੇਰ ਕਰ ਦਿੱਤਾ। ਪ੍ਰਤੱਖਦਰਸ਼ੀਆਂ ਮੁਤਾਬਕ ਹਮਲਾਵਰ ਨੇ ਕਾਲ਼ੇ ਕੱਪੜੇ ਪਾਏ ਹੋਏ ਸਨ ਤੇ ਉਸ ਨੇ ਤਕਰੀਬਨ 20 ਗੋਲ਼ੀਆਂ ਚਲਾਈਆਂ। ਘਟਨਾ ਗ੍ਰੀਕਟਾਊਨ ਦੇ ਡੈਨਫੋਰਥ ਤੇ ਲੋਗਨ ਏਵਸ ਦੇ ਬਿਲਕੁਲ ਨੇੜੇ ਵਾਪਰੀ। ਪੁਲਿਸ ਅਧਿਕਾਰੀਆਂ ਨੇ ਖ਼ਦਸ਼ਾ ਜਤਾਇਆ ਹੈ ਕਿ ਗੰਭੀਰ ਜ਼ਖ਼ਮੀਆਂ ਦੀ ਮੌਤ ਵੀ ਹੋ ਸਕਦੀ ਹੈ। ਕੈਨੇਡਾ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਨੇ ਟੋਰੰਟੋ ਦੇ ਸਮੇਂ ਮੁਤਾਬਕ ਰਾਤ 10 ਕੁ ਵਜੇ ਇੱਕ ਵਿਅਕਤੀ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਚਸ਼ਮਦੀਦਾਂ ਨੇ ਦੱਸਿਆ ਕਿ ਕੁਝ ਲੋਕ ਕ੍ਰਿਸਟੀਨਾਜ਼ ਰੈਸਟੋਰੈਂਟ ਵਿੱਚ ਖਾਣਾ ਖਾਣ ਆਏ ਹੋਏ ਸਨ। ਜਦ ਬਾਹਰ ਗੋਲ਼ੀਆਂ ਚੱਲੀਆਂ ਤਾਂ ਉਨ੍ਹਾਂ ਨੂੰ ਇੰਝ ਜਾਪਿਆ ਕਿ ਕੋਈ ਪਟਾਕੇ ਚਲਾ ਰਿਹਾ ਹੈ। ਜਦ ਸੱਚਾਈ ਦਾ ਪਤਾ ਲੱਗਾ ਤਾਂ ਉਹ ਫੌਰਨ ਜ਼ਮੀਨ 'ਤੇ ਲੇਟ ਗਏ ਤੇ ਜਾਨ ਬਚਾਈ।