ਲੰਡਨ: ਬ੍ਰਿਟਿਸ਼ ਆਰਮੀ 'ਚ ਤਾਇਨਾਤ 22 ਸਾਲਾ ਸਿੱਖ ਨੌਜਵਾਨ ਨੂੰ ਕੋਕੀਨ ਲੈਣ ਦੇ ਜ਼ੁਰਮ 'ਚ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਇਹ ਨੌਜਵਾਨ ਰਾਣੀ ਐਲਿਜ਼ਾਬੇਥ ਦੇ ਜਨਮ ਦਿਨ ਮੌਕੇ ਸਾਲਾਨਾ ਪਰੇਡ 'ਚ ਸ਼ਾਮਲ ਹੋਣ ਵਾਲਾ ਪਹਿਲਾਂ ਪਗੜੀਧਾਰੀ ਸਿੱਖ ਸੀ। ਨੌਜਵਾਨ ਇਹ ਇਤਿਹਾਸ ਸਿਰਜ ਕੇ ਸੁਰਖੀਆਂ ਵਿੱਚ ਆਇਆ ਸੀ।
ਚਰਨਪ੍ਰੀਤ ਸਿੰਘ ਲਾਲ ਜੂਨ 'ਚ 'ਟਰੂਪਿੰਗ ਦਾ ਕਲਰ' ਸੈਰੇਮਨੀ ਦੌਰਾਨ ਪੱਗ ਬੰਨ੍ਹਣ ਕਾਰਨ ਸੁਰਖੀਆਂ 'ਚ ਆਇਆ ਸੀ ਪਰ ਪਿਛਲੇ ਹਫਤੇ ਉਹ ਆਪਣੀ ਬੈਰਕ 'ਚ ਹੋਏ ਡਰੱਗਜ਼ ਟੈਸਟ 'ਚੋਂ ਫੇਲ੍ਹ ਹੋ ਗਿਆ। ਟੈਸਟ ਦੌਰਾਨ ਪਤਾ ਲੱਗਾ ਕਿ ਉਸ ਨੇ ਕਾਫੀ ਜ਼ਿਆਦਾ ਮਾਤਰਾ 'ਚ ਕੋਕੀਨ ਲਈ ਹੋਈ ਸੀ।
ਚਰਨਪ੍ਰੀਤ ਸਿੰਘ ਪੈਲੇਸ ਬਾਹਰ ਗਾਰਡ ਵਜੋਂ ਸੇਵਾਵਾਂ ਨਿਭਾਉਂਦਾ ਹੈ। ਅਜਿਹੇ 'ਚ ਉਸ ਵੱਲੋਂ ਨਸ਼ੇ ਦੀ ਵਰਤੋਂ ਕਰਨਾ ਸ਼ਰਮਨਾਕ ਵਰਤਾਰਾ ਹੈ। ਦਸਤਾਰ ਕਾਰਨ ਸੁਰਖੀਆਂ 'ਚ ਆਏ ਚਰਨਪ੍ਰੀਤ ਲਈ ਇਹ ਕਾਫੀ ਸ਼ਰਮਿੰਦਾ ਕਰਨ ਵਾਲੀ ਖ਼ਬਰ ਹੈ ਕਿਉਂਕਿ ਇਸ ਤੋਂ ਪਹਿਲਾਂ ਉਹ ਆਪਣੀ ਦਸਤਾਰ ਕਾਰਨ ਦੁਨੀਆਂ 'ਚ ਮਸ਼ਹੂਰ ਹੋਇਆ ਸੀ।
ਚਰਨਪ੍ਰੀਤ ਦਾ ਜਨਮ ਪੰਜਾਬ 'ਚ ਹੋਇਆ ਸੀ ਤੇ ਉਹ ਬਚਪਨ 'ਚ ਹੀ ਆਪਣੇ ਪਰਿਵਾਰ ਨਾਲ ਇੰਗਲੈਂਡ ਚਲਾ ਗਿਆ ਸੀ। ਸਾਲ 2016 'ਚ ਉਸ ਨੇ ਬ੍ਰਿਟਿਸ਼ ਆਰਮੀ ਜੁਆਇਨ ਕੀਤੀ ਸੀ। ਇਸ ਸਾਲ ਜੂਨ 'ਚ ਉਹ ਮਹਾਰਾਣੀ ਆਲਿਜ਼ਾਬੇਥ ਦੇ 92ਵੇਂ ਜਨਮ ਦਿਨ 'ਤੇ 1000 ਸਿਪਾਹੀਆਂ ਨਾਲ 'ਟਰੂਪਿੰਗ ਦਾ ਕਲਰ' ਸੈਰੇਮਨੀ 'ਚ ਸ਼ਾਮਲ ਹੋਣ ਵਾਲਾ ਇਕੱਲਾ ਸਿੱਖ ਸਿਪਾਹੀ ਸੀ ਜਿਸ ਨੇ ਪੱਗ ਬੰਨ੍ਹੀ ਹੋਈ ਸੀ।