ਵਾਸ਼ਿੰਗਟਨ: ਜਦੋਂ ਅਮਰੀਕਾ 'ਚ ਸਿਰਫਿਰੇ ਨੇ 17 ਲੋਕਾਂ ਨੂੰ ਸਕੂਲ ਵਿੱਚ ਜਾ ਕੇ ਗੋਲ਼ੀਆਂ ਮਾਰ ਦਿੱਤੀਆਂ ਸਨ, ਉਦੋਂ ਇੱਕ ਸਿੱਖ ਵਿਰੁੱਧ ਨਸਲੀ ਵਿਤਕਰੇ ਦਾ ਨਵਾਂ ਮਾਮਲਾ ਸਾਹਮਣੇ ਆਇਆ। ਪ੍ਰਾਪਤ ਜਾਣਕਾਰੀ ਮੁਤਾਬਕ ਉਬੇਰ ਟੈਕਸੀ ਦੇ ਸਿੱਖ ਡਰਾਈਵਰ 'ਤੇ ਉਸ ਨਾਲ ਬੈਠੇ ਮੁਸਾਫਰ ਨੇ ਬੰਦੂਕ ਤਾਣ ਦਿੱਤੀ।


ਮੁਸਾਫਰ ਨੇ ਗੁਰਜੀਤ ਸਿੰਘ ਨੂੰ ਪੁੱਛਿਆ ਕਿ ਉਹ ਕਿਹੜੇ ਦੇਸ਼ ਦਾ ਹੈ ਤੇ ਨਾਲ ਹੀ ਇਹ ਵੀ ਕਿਹਾ ਕਿ ਉਹ ਪਗੜੀਧਾਰੀ ਲੋਕਾਂ ਨੂੰ ਨਫਰਤ ਕਰਦਾ ਹੈ। ਅਮਰੀਕਾ ਆਧਾਰਤ ਸਿੱਖ ਸੰਸਥਾ ਮੁਤਾਬਕ ਇਹ ਘਟਨਾ ਬੀਤੀ 28 ਜਨਵਰੀ ਦੀ ਹੈ। ਗੁਰਜੀਤ ਨੇ ਇਸ ਘਟਨਾ ਦੀ ਸੂਚਨਾ ਅਗਲੇ ਦਿਨ ਪੁਲਿਸ ਨੂੰ ਵੀ ਦੇ ਦਿੱਤੀ, ਪਰ ਹਾਲੇ ਤਕ ਕੋਈ ਗ੍ਰਿਫਤਾਰੀ ਨਹੀਂ ਹੋਈ।

ਗੁਰਜੀਤ ਸਿੰਘ ਬੀਤੇ ਤਿੰਨ ਸਾਲਾਂ ਤੋਂ ਇਲੀਨੌਇਸ ਵਿੱਚ ਰਹਿ ਰਿਹਾ ਹੈ ਤੇ ਉਹ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਹੈੱਡ ਗ੍ਰੰਥੀ ਵੀ ਹੈ। ਉਸ ਨੇ ਦੱਸਿਆ ਕਿ ਉਸ ਨੇ ਮੋਲਾਈਨ, ਆਈ.ਐਲ. ਵਿੱਚੋਂ ਇੱਕ ਅੰਗ੍ਰੇਜ਼ ਪੁਰਸ਼ ਤੇ ਇਸਤਰੀ ਨੂੰ ਆਪਣੀ ਟੈਕਸੀ ਵਿੱਚ ਬਿਠਾਇਆ ਸੀ। ਉਹ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵੱਲ ਲਿਜਾ ਰਿਹਾ ਸੀ ਕਿ ਪੁਰਸ਼ ਮੁਸਾਫਰ ਨੇ ਉਸ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ, "ਤੇਰਾ ਇੱਥੇ ਸਟੇਟਸ (ਕੱਚਾ/ਪੱਕਾ ਜਾਂ ਵਸਨੀਕ/ਨਾਗਰਿਕ) ਕੀ ਹੈ?, ਤੂੰ ਕਿਹੜੇ ਦੇਸ਼ ਤੋਂ ਆਇਐਂ? ਤੂੰ ਸਾਡੇ ਦੇਸ਼ ਲਈ ਕੰਮ ਕਰਦੈਂ ਜਾਂ ਤੂੰ ਆਪਣੇ ਦੇਸ਼ ਲਈ ਕੰਮ ਕਰ ਰਿਹੈਂ?"



ਅਮਰੀਕਾ ਦੇ ਕਾਨੂੰਨਨ ਵਾਸੀ ਤੇ ਅੰਗ੍ਰੇਜ਼ੀ ਬੋਲਣ ਵਿੱਚ ਬਹੁਤਾ ਸਹਿਜ ਨਾ ਹੋਣ ਵਾਲੇ ਗੁਰਜੀਤ ਨੇ ਉਸ ਨੂੰ ਕਿਹਾ ਕਿ ਉਹ ਦੋਵੇਂ ਦੇਸ਼ਾਂ ਦੀ ਸੇਵਾ ਕਰਦਾ ਹੈ ਕਿਉਂਕਿ ਉਸ ਦੇ ਮਾਪੇ ਭਾਰਤ ਵਿੱਚ ਹੀ ਰਹਿੰਦੇ ਹਨ। ਗੁਰਜੀਤ ਨੇ ਦੱਸਿਆ ਕਿ ਇੰਨੇ ਵਿੱਚ ਉਸ ਵਿਅਕਤੀ ਨੇ ਆਪਣੀ ਪਿਸਤੌਲ ਉਸ 'ਤੇ ਤਾਣ ਲਈ ਤੇ ਕਹਿਣ ਲੱਗਾ, "ਮੈਂ ਪਗੜੀਧਾਰੀਆਂ ਨਾਲ ਨਫਰਤ ਕਰਦਾ ਹਾਂ, ਮੈਂ ਦਾੜ੍ਹੀ ਵਾਲਿਆਂ ਨਾਲ ਨਫਰਤ ਕਰਦਾ ਹਾਂ।"

ਇਸ ਤੋਂ ਬਾਅਦ ਗੁਰਜੀਤ ਨੇ ਫੌਰਨ ਗੱਡੀ ਰੋਕ ਦਿੱਤੀ ਤੇ ਉਸ ਦੀ ਸਾਥੀ ਮਹਿਲਾ ਨੇ ਉਸ ਨੂੰ ਗੱਡੀ ਵਿੱਚੋਂ ਜ਼ਬਰੀ ਉਤਾਰ ਦਿੱਤਾ ਤੇ ਉਸ ਦੇ ਵਤੀਰੇ 'ਤੇ ਮੁਆਫੀ ਵੀ ਮੰਗੀ। ਉਸ ਮਹਿਲਾ ਨੇ ਗੁਰਜੀਤ ਨੂੰ ਕਿਹਾ ਕਿ ਉਹ ਉਸ ਨੂੰ ਘਰ ਛੱਡ ਦੇਵੇ ਪਰ ਕਿਸੇ ਹੋਰ ਰਸਤੇ ਤੋਂ ਜਾਵੇ ਤਾਂ ਜੋ ਹਮਲਾਵਰ ਨਾਲ ਟਾਕਰਾ ਨਾ ਹੋ ਜਾਵੇ।

ਸੰਸਥਾ ਸਿੱਖ ਕੋਏਲਿਸ਼ਨ ਦੇ ਕਾਨੂੰਨੀ ਨਿਰਦੇਸ਼ਕ ਅੰਮ੍ਰਿਤ ਕੌਰ ਨੇ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਰੌਕ ਆਈਸਲੈਂਡ ਕਾਊਂਟੀ ਸ਼ੈਰਿਫ ਹਮਲਾਵਰ ਨੂੰ ਗ੍ਰਿਫਤਾਰ ਕਰੇ ਤੇ ਸਟੇਟ ਅਟਾਰਨੀ ਦਫਤਰ ਨੂੰ ਇਸ ਮਾਮਲੇ ਵਿੱਚ ਨਸਲੀ ਹਿੰਸਾ ਦਾ ਕੇਸ ਤੁਰੰਤ ਦਰਜ ਕਰਨਾ ਚਾਹੀਦਾ ਹੈ।