ਨਵੀਂ ਦਿੱਲੀ-ਤਾਲਿਬਾਨ ਦੇ ਇਕ ਚੋਟੀ ਦੇ ਕਮਾਂਡਰ ਮੁੱਲਾ ਅਬਦੁੱਲਾ ਉਰਫ਼ ਫਿਦਾਈ ਸਮੇਤ ਤਿੰਨ ਅੱਤਵਾਦੀ ਮਾਰੇ ਗਏ। ਜਦੋਂ ਕਿ ਦੋ ਹੋਰ ਜ਼ਖ਼ਮੀ ਹੋ ਗਏ। ਇਹ ਅਫ਼ਗਾਨਿਸਤਾਨ ਦੇ ਕੁੰਦੂਜ਼ ਪ੍ਰਾਂਤ ਵਿਚ ਬੁੱਧਵਾਰ ਨੂੰ ਇਕ ਝੜਪ ਤੋਂ ਬਾਅਦ ਹੋਇਆ।
ਦਸ਼ਤ-ਏ-ਆਰਚੀ ਦੇ ਜ਼ਿਲ੍ਹਾ ਗਵਰਨਰ ਨਸਰੂਦੀਨ ਨਾਜਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਤਾਲਿਬਾਨ ਅੱਤਵਾਦੀਆਂ ਦੇ ਇਕ ਸਮੂਹ ਨੇ ਦਸ਼ਤ-ਏ-ਆਰਚੀ ਜ਼ਿਲ੍ਹੇ 'ਚ ਫ਼ੌਜ ਦੇ ਨਾਕੇ 'ਤੇ ਹਮਲਾ ਕਰ ਦਿੱਤਾ ਜਿਸ ਦੇ ਜਵਾਬ ਵਿਚ ਫ਼ੌਜੀਆਂ ਨੇ ਵੀ ਜਵਾਬੀ ਕਾਰਵਾਈ ਦੌਰਾਨ ਗੋਲੀਆਂ ਚਲਾਈਆਂ।
ਇਸ ਗੋਲੀਬਾਰੀ 'ਚ ਮੁੱਲਾਂ ਅਬਦੁੱਲਾ ਤੇ ਦੋ ਹੋਰ ਤਾਲਿਬਾਨੀ ਅੱਤਵਾਦੀ ਮਾਰੇ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ 'ਚ ਦੋ ਹੋਰ ਅੱਤਵਾਦੀ ਜ਼ਖ਼ਮੀ ਹੋਏ ਹਨ। ਕੋਈ ਵੀ ਸੁਰੱਖਿਆ ਕਰਮੀ ਜਾਂ ਨਾਗਰਿਕ ਜ਼ਖ਼ਮੀ ਨਹੀਂ ਹੋਇਆ। ਅਧਿਕਾਰੀ ਨੇ ਦੱਸਿਆ ਕਿ ਕੁੰਦੂਜ਼ ਪ੍ਰਾਂਤ ਵਿਚ ਮੁੱਲਾਂ ਅਬਦੁੱਲਾ ਦਾ ਮਾਰਿਆ ਜਾਣਾ ਤਾਲਿਬਾਨ ਲਈ ਵੱਡਾ ਝਟਕਾ ਹੈ।