ਨਿਊਯਾਰਕ: ਅਮਰੀਕਾ ਵਿੱਚ ਚਾਰ ਸਿੱਖ ਡਰਾਈਵਰਾਂ ਨਾਲ ਇੱਕ ਮਾਮਲੇ 'ਚ ਅਮਰੀਕੀ ਟਰਕਿੰਗ ਕੰਪਨੀ ਨੇ ਸਮਝੌਤਾ ਕੀਤਾ ਹੈ। ਇਸ ਤਹਿਤ ਕੰਪਨੀ ਉਨ੍ਹਾਂ ਦੇ ਆਰਥਿਕ ਨੁਕਸਾਨ ਬਦਲੇ ਡਰਾਈਵਰਾਂ ਨੂੰ 2,60,000 ਡਾਲਰ ਅਦਾ ਕਰੇਗੀ।

ਦਰਅਸਲ ਕੰਪਨੀ ਨੇ ਡਰੱਗ ਟੈਸਟ ਲਈ ਸਿੱਖ ਡਰਾਈਵਰਾਂ ਨੂੰ ਆਪਣੇ ਕੇਸ ਕੱਟਣ ਤੇ ਦਸਤਾਰਾਂ ਉਤਾਰਨ ਲਈ ਕਿਹਾ ਸੀ ਪਰ ਉਨ੍ਹਾਂ ਦੇ ਇਨਕਾਰ ਕਰਨ ਬਦਲੇ ਉਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ ਗਈ ਸੀ। ਸਿੱਖ ਟਰੱਕ ਡਰਾਈਵਰਾਂ ਨੇ 7 ਸਾਲ ਚੱਲੀ ਫੈਡਰਲ ਜਾਂਚ ਪਿੱਛੋਂ ਕੰਪਨੀ ਨਾਲ ਸਮਝੌਤਾ ਕੀਤਾ ਹੈ। ਇਸ ਤਹਿਤ ਅਮਰੀਕਾ 'ਚ ਰੁਜ਼ਗਾਰ ਦੇ ਬਰਾਬਰ ਮੌਕੇ ਮੁਹੱਈਆ ਕਰਨ ਬਾਰੇ ਕਮਿਸ਼ਨ ਨੇ ਇਸ ਗੱਲ ਦੇ ਸਬੂਤ ਪਾਏ ਕਿ ਕੰਪਨੀ ਨੇ ਉਨ੍ਹਾਂ ਦੇ ਧਾਰਮਿਕ ਕਕਾਰਾਂ ਕਰਕੇ ਉਨ੍ਹਾਂ ਨਾਲ ਵਿਤਕਰਾ ਕੀਤਾ।

ਨਾਗਰਿਕ ਹੱਕਾਂ ਬਾਰੇ ਸੰਗਠਨ ਸਿੱਖ ਕੁਲੀਸ਼ਨ ਨੇ ਕਿਹਾ ਕਿ ਜੇ.ਬੀ. ਹੰਟ ਕੰਪਨੀ ਨੁਕਸਾਨ ਲਈ 2,60,000 ਡਾਲਰ ਅਦਾ ਕਰਨ ਤੋਂ ਇਲਾਵਾ ਕੰਪਨੀ ਦੀਆਂ ਨੀਤੀਆਂ ਤੇ ਵਿਤਕਰੇ ਵਿਰੋਧੀ ਫੈਡਰਲ ਕਾਨੂੰਨਾਂ ਦੀ ਪਾਲਣਾ ਕਰਨ ਲਈ ਵੀ ਰਾਜ਼ੀ ਹੋ ਗਈ ਹੈ। ਕੰਪਨੀ ਆਪਣੇ ਕਿਰਾਏ 'ਤੇ ਰੱਖੇ ਮੁਲਾਜ਼ਮਾਂ ਨੂੰ ਵਿਤਕਰਾ ਵਿਰੋਧੀ ਕਾਨੂੰਨਾਂ ਵਾਸਤੇ ਸਿੱਖਿਅਤ ਕਰੇਗੀ।