ਕਰਾਚੀ :ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖਾਂ ਨੇ ਕਰਾਚੀ ਵਿੱਚ ਇਕੱਠੇ ਹੋ ਕੇ ਸਰਕਾਰ ਨੂੰ ਆਨੰਦ ਮੈਰਿਜ ਐਕਟ ਲਾਗੂ ਕਰਨ ਦੀ ਮੰਗ ਕੀਤੀ। ਇਸ ਦੌਰਾਨ ਸਿੱਖਾਂ ਨੇ ਸਰਕਾਰ ਵਿਰੁੱਧ ਪ੍ਰਦਰਸ਼ਨ ਵੀ ਕੀਤਾ।
ਯਾਦ ਰਹੇ ਕਿ ਪਾਕਿ ਸਰਕਾਰ ਵੱਲੋਂ ਸੰਨ 2007 ਤੋਂ ਸਿੱਖ ਆਨੰਦ ਮੈਰਿਜ ਐਕਟ ਲਾਗੂ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਰ ਇੱਥੇ ਰਹਿਣ ਵਾਲੇ ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਸਰਕਾਰ ਸਵਾਏ ਧੋਖੇ ਦੇ ਕੁੱਝ ਨਹੀਂ ਕਰ ਰਹੀ ਕਿਉਂਕਿ ਕਿਸੇ ਵੀ ਸਿੱਖ ਨੂੰ ਅਜੇ ਤਕ ਆਪਣੇ ਵਿਆਹ ਦਾ ਸਰਟੀਫਿਕੇਟ ਹਾਸਲ ਨਹੀਂ ਹੋਇਆ।
ਦੂਜੇ ਪਾਸੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵੱਲੋਂ ਹਿੰਦੂ ਵਿਆਹ ਪੂੰਜੀਕਰਨ ਐਕਟ ਪਾਸ ਕਰ ਦਿੱਤਾ ਗਿਆ ਹੈ। ਆਨੰਦ ਮੈਰਿਜ ਐਕਟ ਪਾਸ ਨਾ ਹੋਣ ਕਾਰਨ ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖ ਨੂੰ ਵਿਆਹਾਂ ਨੂੰ ਕਾਨੂੰਨੀ ਮਾਨਤਾ ਨਾ ਮਿਲਣ ਕਾਰਨ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀ ਸਿੱਖਾਂ ਨੇ ਆਖਿਆ ਕਿ ਉਨ੍ਹਾਂ ਨੂੰ ਵਿਆਹ ਦੇ ਸਰਟੀਫਿਕੇਟ ਵਜੋਂ ਗੁਰਦੁਆਰੇ ਦੇ ਨਾਂ ’ਤੇ ਬਣਾਇਆ ਨਿਕਾਹਨਾਮਾ ਦਿੱਤਾ ਜਾਂਦਾ ਹੈ।