ਪੈਨਸਿਲਵਾਨੀਆ: ਅਮਰੀਕਾ ਦੇ ਸੂਬੇ ਦੇ ਪੈਨਸਿਲਵਾਨੀਆ ਦੇ ਇਲਾਕੇ ਐਰੇ ਵਿੱਚ ਰਹਿਣ ਵਾਲਾ ਸਿੱਖ ਭਾਈਚਾਰਾ ਅੱਜ ਤੋਂ 6 ਮਹੀਨੇ ਪਹਿਲਾਂ ਤੱਕ ਆਪਣੇ ਧਾਰਮਿਕ ਕਾਰਜਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਕਰਨ ਲਈ ਤਰਸਦੇ ਸਨ, ਪਰ ਹੁਣ ਇਸ ਸ਼ਹਿਰ 'ਚ ਸਿੱਖ ਭਾਈਚਾਰੇ ਦੀਆਂ ਕੋਸ਼ਿਸ਼ਾਂ ਸਦਕਾ ਨਵਾਂ ਗੁਰੂ ਘਰ ਉਸਾਰਿਆ ਗਿਆ ਹੈ।

ਅਮਰੀਕਾ ਦੇ ਪੈਨਸਿਲਵਾਨੀਆ ਦੇ ਸ਼ਹਿਰ 'ਚ ਵੱਸਦੇ ਸਿੱਖਾਂ ਨੂੰ ਇਸ ਤੋਂ ਪਹਿਲਾਂ ਆਪਣੇ ਗੁਰੂ ਦਾ ਆਸ਼ੀਰਵਾਦ ਲੈਣ ਲਈ ਸ਼ਹਿਰ ਤੋਂ ਬਾਹਰ ਦੂਜੇ ਇਲਾਕਿਆਂ ਬਣੇ ਗੁਰੂ ਘਰਾਂ 'ਚ ਜਾਣਾ ਪੈਂਦਾ ਸੀ। ਐਰੇ ਦਾ ਇਹ ਪਹਿਲਾ ਤੇ ਨਵਾਂ ਗੁਰਦੁਆਰਾ ਵੈਸਟ ਸੈਵਨਥ ਸਟਰੀਟ ਦੀ ਇਮਾਰਤ 'ਚ ਬਣਾਇਆ ਗਿਆ ਹੈ। ਫ਼ਿਲਹਾਲ ਸੰਗਤ ਇੱਥੇ ਹਰ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ ਦੋ ਵਜੇ ਤੋਂ ਹਾਜ਼ਰ ਹੁੰਦੀ ਹੈ।

ਸੰਗਤ ਇਕੱਤਰ ਹੋ ਕੇ ਗੁਰਬਾਣੀ ਸੁਣਦੀ ਤੇ ਲੰਗਰ ਵੀ ਤਿਆਰ ਕਰਦੀ, ਵਰਤਾਉਂਦੀ ਤੇ ਛਕਦੀ ਹੈ। ਹੁਣ ਇੱਥੇ ਸਿਰਫ਼ ਸਿੱਖ ਨਹੀਂ ਬਲਕਿ ਭਾਰਤ ਤੋਂ ਇਸ ਸ਼ਹਿਰ 'ਚ ਆ ਕੇ ਵਸਿਆ ਹਰ ਧਰਮ ਦਾ ਵਿਅਕਤੀ ਨਤਮਸਤਕ ਹੁੰਦਾ ਹੈ। ਇਸ ਗੁਰਦੁਆਰਾ ਸਾਹਿਬ 'ਚ ਇੱਕ ਲਾਇਬ੍ਰੇਰੀ ਵੀ ਬਣਾਈ ਗਈ ਹੈ ਜਿੱਥੇ ਬੱਚਿਆਂ ਤੇ ਬਾਲਗਾਂ ਨੂੰ ਕਿਤਾਬਾਂ ਪੜ੍ਹਨ ਲਈ ਮਿਲਦੀਆਂ ਨੇ ਤੇ ਬੱਚਿਆਂ ਨੂੰ ਪੰਜਾਬੀ ਵੀ ਸਿਖਾਈ ਜਾਂਦੀ ਹੈ।

ਗੁਰਦੁਆਰਾ ਸਾਹਿਬ ਵਿਖੇ ਲੰਗਰ ਲਈ ਵੱਖਰਾ ਹਾਲ ਬਣਾਇਆ ਗਿਆ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕੰਮ ਹਾਲਾਂਕਿ ਲਗਾਤਾਰ ਜਾਰੀ ਹੈ ਪਰ ਸੰਗਤ ਲਈ ਇਸ ਨੂੰ ਪੂਰੇ ਤੌਰ ਖੋਲ੍ਹ ਦਿੱਤਾ ਗਿਆ ਹੈ। ਹਾਲ ਵਿੱਚ ਹੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਸੀ।