ਅੰਮ੍ਰਿਤਸਰ: ਅਮਰੀਕਾ ਦੇ ਫਲੋਰੀਡਾ ਸੂਬੇ ਵਿੱਚ ਵਰਲਡ ਟ੍ਰਾਇਥਲੌਨ ਕਾਰਪੋਰੇਸ਼ਨ ਵੱਲੋਂ ਕਰਵਾਏ ਗਏ ਮੁਕਾਬਲੇ ’ਚ ਅੰਮ੍ਰਿਤਸਰ ਵਾਸੀ ਗੁਰਸਿੱਖ ਨੌਜਵਾਨ ਸੁਖਰੀਤ ਸਿੰਘ (26) ਨੇ ‘ਆਇਰਨ ਮੈਨ’ ਦਾ ਖ਼ਿਤਾਬ ਜਿੱਤਿਆ ਹੈ। ਸੁਖਰੀਤ ਨੇ ਸ਼ਨੀਵਾਰ ਨੂੰ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਹ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਤੇ ਨਰਿੰਦਰ ਸਿੰਘ ਦਾ ਬੇਟਾ ਹੈ।
ਦਿੱਲੀ ਯੂਨੀਵਰਸਿਟੀ ਤੋਂ ਬੀ.ਕਾਮ ਆਨਰਜ਼ ਕਰਨ ਤੋਂ ਬਾਅਦ ਸੁਖਰੀਤ ਆਪਣਾ ਕਾਰੋਬਾਰ ਕਰ ਰਿਹਾ ਹੈ। ਇਸ ਮੁਕਾਬਲੇ ਲਈ ਉਸ ਨੇ ਵਿਸ਼ੇਸ਼ ਸਿਖ਼ਲਾਈ ਪ੍ਰਾਪਤ ਕੀਤੀ ਹੈ। ਮੁਕਾਬਲੇ ਦੌਰਾਨ ਤੈਰਨ, ਸਾਈਕਲ ਦੌੜ ਤੇ ਬਾਅਦ ਵਿਚ ਲੰਮੀ ਦੌੜ ਹੁੰਦੀ ਹੈ। ਇਸ ਮੁਕਾਬਲੇ ਲਈ 25 ਸੌ ਤੋਂ ਵੱਧ ਖਿਡਾਰੀ ਮੈਦਾਨ ਵਿਚ ਸਨ ਤੇ ਇਸ ਨੂੰ ਉੱਥੇ ਕਾਫ਼ੀ ਅਹਿਮੀਅਤ ਦਿੱਤੀ ਜਾਂਦੀ ਹੈ।
ਸੁਖਰੀਤ ਨੇ ਦੱਸਿਆ ਕਿ ਉਸ ਨੇ ਚਾਰ ਕਿਲੋਮੀਟਰ ਤੈਰਾਕੀ ਕੀਤੀ, 180 ਕਿਲੋਮੀਟਰ ਸਾਈਕਲ ਚਲਾਇਆ ਅਤੇ ਮੁੜ 42 ਕਿਲੋਮੀਟਰ ਦੌੜ ਲਾਈ। ਮੁਕਾਬਲੇ ਵਿੱਚ ਉਹ ਪੰਜਾਬ ਤੋਂ ਇਕੱਲਾ ਗੁਰਸਿੱਖ ਨੌਜਵਾਨ ਸੀ, ਜਿਸ ਨੂੰ ਇਹ ਐਵਾਰਡ ਪ੍ਰਾਪਤ ਹੋਇਆ ਹੈ। ਸੁਖਰੀਤ ਦੀ ਮਾਂ ਬੀਬੀ ਕਿਰਨਜੋਤ ਕੌਰ ਉੱਘੇ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਦੀ ਰਿਸ਼ਤੇ ਵਿਚ ਦੋਹਤੀ ਲੱਗਦੀ ਹੈ।