ਪੇਸ਼ਾਵਰ: ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਦੋਪਹੀਆ ਵਾਹਨਾਂ ਦੀ ਸਵਾਰੀ ਕਰਨ ਮੌਕੇ ਹੈਲਮੇਟ ਪਹਿਨਣ ਤੋਂ ਛੋਟ ਮਿਲ ਗਈ ਹੈ। ਐਕਸਪ੍ਰੈਸ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਘੱਟ ਗਿਣਤੀ ਭਾਈਚਾਰੇ ਦੇ ਮੈਂਬਰ ਨੇ ਖ਼ੈਬਰ ਪਖ਼ਤੂਨਖ਼ਵਾਹ ਅਸੈਂਬਲੀ ਵਿੱਚ ਇਸ ਮੁੱਦੇ ਨੂੰ ਚੁੱਕਿਆ ਸੀ, ਜਿਸ ਤੋਂ ਬਾਅਦ ਪੇਸ਼ਾਵਰ ਦੇਲੋਕਾਂ ਨੂੰ ਛੋਟ ਦੇ ਦਿੱਤੀ ਗਈ ਹੈ। ਇਹ ਛੋਟ ਉਨ੍ਹਾਂ ਲੋਕਾਂ ਲਈ ਹੈ ਜੋ ਦਸਤਾਰ ਧਾਰਨ ਕਰਦੇ ਹਨ। ਜ਼ਿਕਰਯੋਗ ਹੈ ਕਿ ਖ਼ੈਬਰ ਪਖ਼ਤੂਨਖ਼ਵਾ ਵਿੱਚ 60,000 ਸਿੱਖ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਤਕਰੀਬਨ 15,000 ਪੇਸ਼ਾਵਰ ਵਿੱਚ ਹੀ ਰਹਿੰਦੇ ਹਨ। ਪੇਸ਼ਾਵਰ ਵਿੱਚ ਆਵਾਜਾਈ ਐਸਐਸਪੀ ਕਾਸ਼ਿਫ ਜ਼ੁਲਫੀਕਾਰ ਨੇ ਘੱਟ ਗਿਣਤੀ ਭਾਈਚਾਰੇ ਨੂੰ ਪੂਰਾ ਸਹਿਯੋਗ ਦੇਣ ਦਾ ਯਕੀਨ ਦਿਵਾਇਆ ਹੈ। ਜ਼ਿਕਯੋਗ ਹੈ ਕਿ ਹੈਲਮੇਟ ਨਾ ਪਾਉਣ ਵਾਲੇ ਲੋਕਾਂ ਵਿਰੁੱਧ ਲਾਹੌਰ ਵਿੱਚ ਕਾਰਵਾਈ ਹੋ ਰਹੀ ਹੈ। ਸਿਟੀ ਟ੍ਰੈਫਿਕ ਪੁਲਿਸ ਲਾਹੌਰ ਨੇ ਹੈਲਮੇਟ ਨਾ ਪਾਉਣ ਵਾਲੇ 58,066 ਮੋਟਰਸਾਈਕਲ ਚਾਲਕਾਂ ਵਿਰੁੱਧ ਕਾਰਵਾਈ ਕੀਤੀ। ਪੁਲਿਸ ਦੀ ਇਸ ਮੁਹਿੰਮ ਤੋਂ ਬਾਅਦ ਹੈਲਮੇਟ ਮਹਿੰਗੇ ਹੋ ਗਏ ਹਨ। 400-500 ਰੁਪਏ ਦੀ ਕੀਮਤ ਵਾਲਾ ਹੈਲਮੇਟ 1,000 ਤੋਂ 1,500 ਰੁਪਏ ਤਕ ਪਹੁੰਚ ਗਿਆ ਹੈ।