15 ਸਾਲ ਦੀ ਉਮਰ ਦਾ ਸੀ UK ਜਾਣ ਵਾਲਾ ਪਹਿਲਾ ਸਿੱਖ
ਏਬੀਪੀ ਸਾਂਝਾ | 18 Nov 2016 06:31 PM (IST)
ਲੰਡਨ: ਭਾਰਤ ਨੇ ਕਈ ਸਾਲਾਂ ਤੱਕ ਇੰਗਲੈਂਡ ਦੀ ਗੁਲਾਮੀ ਝੱਲੀ ਤੇ ਅੱਜ 7 ਲੱਖ ਤੋਂ ਵੱਧ ਭਾਰਤੀ ਅੰਗਰੇਜ਼ਾਂ ਦੀ ਧਰਤੀ 'ਤੇ ਵਸਦੇ ਹਨ। 2011 ਦੀ ਮਰਦਮ ਸ਼ੁਮਾਰੀ ਮੁਤਾਬਕ 7,32,429 ਸਿੱਖ UK ਵਿੱਚ ਵੱਸਦੇ ਨੇ ਜਿਨ੍ਹਾਂ ਵਿੱਚੋਂ 4,20,196 ਸਿੱਖ ਇਕੱਲੇ ਇੰਗਲੈਂਡ ਵਿੱਚ ਹੀ ਰਹਿੰਦੇ ਸਨ। ਅੰਗਰੇਜ਼ਾਂ ਦੀ ਧਰਤੀ 'ਤੇ ਸਥਾਪਿਤ ਹੋਣ ਵਾਲਾ ਪਹਿਲਾ ਸਿੱਖ ਸਿਰਫ 15 ਸਾਲ ਸੀ ਤੇ ਨਾਂ ਸੀ ਮਹਾਰਾਜਾ ਦਲੀਪ ਸਿੰਘ। ਸ਼ੇਰ-ਏ-ਪੰਜਾਬ ਦਾ ਰਾਜ ਹੱੜਪਣ ਦੀ ਮਨਸ਼ਾ ਨਾਲ 15 ਸਾਲਾ ਮਹਾਰਾਜੇ ਨੂੰ ਭਾਵੇਂ ਧੋਖੇ ਨਾਲ ਇੰਗਲੈਂਡ ਭੇਜਿਆ ਗਿਆ ਸੀ ਪਰ ਅੰਗਰੇਜ਼ਾਂ ਦੇ ਦੇਸ਼ ਵਿੱਚ ਸਿੱਖਾਂ ਦੀ ਐਂਟਰੀ ਦਾ ਇੱਕ ਤਾਕਤਵਰ ਜ਼ਰੀਆ ਬਣਿਆ ਸੀ ਮਹਾਰਾਜਾ ਦਲੀਪ ਸਿੰਘ। ਅੰਗਰੇਜ਼ਾਂ ਨੇ ਚੜ੍ਹਦੇ ਸੂਰਜ ਵਾਂਗ ਦੱਗਦੇ ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਨੂੰ 15 ਸਾਲ ਦੀ ਉਮਰ ਵਿੱਚ ਮਹਾਰਾਣੀ ਵਿਕਟੋਰੀਆ ਦੀ ਦੇਖ-ਰੇਖ ਵਿੱਚ ਪਲਣ ਲਈ ਇੰਗਲੈਂਡ ਭੇਜ ਦਿੱਤਾ ਸੀ। ਮਹਾਰਾਜੇ ਨੂੰ ਆਪਣੀ ਮਾਂ ਮਹਾਰਾਣੀ ਜਿੰਦ ਕੌਰ ਤੋਂ ਜੁਦਾ ਕਰਨ ਤੇ ਇਸਾਈ ਬਣਾਉਣ ਤੱਕ ਦੀ ਦਰਦਨਾਕ ਤੇ ਲੰਬੀ ਕਹਾਣੀ ਪੰਜਾਬ ਦੇ ਸੁਨਹਿਰੀ ਸਿੱਖ ਰਾਜ ਦੇ ਇਤਿਹਾਸ ਦਾ ਦੁਖਦਾਈ ਪੰਨਾ ਹੈ। ਮਹਾਰਾਜਾ ਦਲੀਪ ਸਿੰਘ ਇੰਗਲੈਂਡ ਦਾ ਪਹਿਲਾ ਪੱਕਾ ਨਿਵਾਸੀ ਬਣਿਆ। 1893 ਵਿੱਚ ਮਹਾਰਾਜਾ ਦਾ ਦਿਹਾਂਤ ਹੋ ਗਿਆ ਤੇ ਉਸ ਤੋਂ ਬਾਅਦ 1911 ਤੋਂ ਪੰਜਾਬ ਤੋਂ ਹੋਰ ਸਿੱਖ ਵੀ ਅੰਗਰੇਜ਼ੀ ਧਰਤੀ 'ਤੇ Migrate ਹੋਣੇ ਸ਼ੁਰੂ ਹੋ ਗਏ। ਅੱਜ ਲੱਖਾਂ ਦੀ ਗਿਣਤੀ ਵਿੱਚ ਸਿੱਖ ਭਾਈਚਾਰਾ ਉੱਥੇ ਵਸਦਾ ਹੈ, ਹਰ ਸ਼ਹਿਰ ਵਿੱਚ ਗੁਰਦੁਆਰੇ ਵੀ ਬਣੇ ਹੋਏ ਹਨ ਤੇ ਸਿੱਖ ਵਿਦੇਸ਼ੀ ਵਪਾਰ, ਰਾਜਨੀਤੀ ਤੇ ਸਮਾਜ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ।