1...ਭਾਰਤ ਵਿੱਚ ਨੋਟਬੰਦੀ ਦਾ ਵੱਡਾ ਅਸਰ ਗੁਆਂਢੀ ਦੇਸ਼ ਨੇਪਾਲ 'ਤੇ ਵੀ ਪਿਆ ਹੈ। ਉੱਥੇ ਵੀ ਇਹ ਨੋਟ ਬੰਦ ਹੋ ਗਏ ਹਨ। ਭਾਰਤੀ ਮੁਦਰਾ ਨੇਪਾਲ ਤੇ ਭੂਟਾਨ ਵਿੱਚ ਵੀ ਚੱਲਦੀ ਹੈ ਜਿਥੇ ਵੱਡੀ ਗਿਣਤੀ ਵਿੱਚ ਭਾਰਤੀ ਵਪਾਰੀ ਤੇ ਟੂਰਿਸਟ ਆਉਂਦੇ-ਜਾਂਦੇ ਹਨ। ਇਸ ਕਾਰਨ ਟੂਰਿਜ਼ਮ ਨੂੰ ਵੀ ਵੱਡਾ ਝਟਕਾ ਲੱਗਾ ਹੈ। ਇਸ ਦਿੱਕਤ ਨੂੰ ਵੇਖਦਿਆਂ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਪੀ.ਐਮ. ਮੋਦੀ ਨਾਲ ਗੱਲਬਾਤ ਕੀਤੀ ਹੈ। ਇਸ ਮਗਰੋਂ ਭਾਰਤੀ ਰਿਜ਼ਰਵ ਬੈਂਕ ਨੇ ਨੇਪਾਲ ਵਿੱਚ ਨੇਪਾਲੀ ਤੇ ਭਾਰਤੀ ਨਾਗਰਿਕਾਂ ਦੇ ਪੁਰਾਣੇ ਨੋਟ ਬਦਲਣ ਲਈ ਟਾਸਕ ਫੋਰਸ ਦੇ ਗਠਨ ਦਾ ਫੈਸਲਾ ਕੀਤਾ ਹੈ।
2...ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਿੱਲ ਗੇਟਸ ਨੇ ਭਾਰਤ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨੂੰ ਕਾਗਜ਼ੀ ਮੁਦਰਾ ਤੋਂ ਡਿਜੀਟਲ ਲੈਣ-ਦੇਣ ਵੱਲ ਇੱਕ ਕਦਮ ਦੱਸਿਆ। ਬੀਬੀਸੀ ਦੀ ਖਬਰ ਮੁਤਾਬਕ ਗੇਟਸ ਨੇ ਕਿਹਾ ਕਿ ਇੰਟਰਨੈੱਟ ਨਾਲ ਪਿੰਡਾਂ ਤੱਕ ਪੈਸਾ ਪਹੁੰਚਾਉਣਾ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰੇਗਾ।
3...ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਕੀ ਡੋਨਲਡ ਟਰੰਪ ਦਾ ਨਾਮ ਨਿਊਯਾਰਕ ਸ਼ਹਿਰ ਦੀਆਂ ਕਈ ਇਮਾਰਤਾਂ ਤੋਂ ਹਟਾਇਆ ਜਾਵੇਗਾ। ਇਮਾਰਤਾਂ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕਾਂ ਨੇ ਅਜਿਹੀ ਪਟੀਸ਼ਨ 'ਤੇ ਹਸਤਾਖਰ ਕੀਤੇ ਹਨ। ਇਮਾਰਤਾਂ ਤੋਂ ਟਰੰਪ ਦਾ ਨਾਮ ਹਟਾਉਣ ਲਈ ਅਭਿਆਨ ਚਲਾਇਆ ਗਿਆ ਹੈ।
4...ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ 'ਤੇ ਪੂਰਾ ਭਰੋਸਾ ਹੈ। ਜਾਪਾਨੀ ਪੀ.ਐਮ. ਨੇ ਟਰੰਪ ਨਾਲ 90 ਮਿੰਟ ਤੱਕ ਮੁਲਾਕਾਤ ਕੀਤੀ। ਬੀਬੀਸੀ ਦੀ ਖਬਰ ਮੁਤਾਬਕ ਆਬੇ ਨੇ ਕਿਹਾ ਕਿ ਟਰੰਪ ਦੋਹਾਂ ਮੁਲਕਾਂ ਵਿਚਾਲੇ ਭਰੋਸੇ ਦਾ ਸਬੰਧ ਕਾਇਮ ਕਰ ਸਕਦੇ ਹਨ।
5...ਬੀਬੀਸੀ ਦੀ ਖਬਰ ਮੁਤਾਬਕ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਉਤਰਾਧਿਕਾਰੀ ਡੋਨਲਡ ਟਰੰਪ ਬਾਰੇ ਉਮੀਦ ਜਤਾਈ ਕਿ ਜੇਕਰ ਰੂਸ ਅਮਰੀਕੀ ਮੁੱਲਾਂ ਤੇ ਅੰਤਰਾਰਾਸ਼ਟਰੀ ਮਾਨਦੰਡਾਂ ਦਾ ਪਾਲਣ ਨਹੀਂ ਕਰਦਾ ਤਾਂ ਉਨ੍ਹਾਂ ਨੂੰ ਰੂਸ ਸਾਹਮਣੇ ਮਜ਼ਬੂਤੀ ਨਾਲ ਖੜ੍ਹਾ ਹੋਣਾ ਚਾਹੀਦਾ ਹੈ।
6...ਇਰਾਕ ਦੀ ਰਾਜਧਾਨੀ ਦੇ ਪੱਛਮ ਵਿੱਚ ਸਥਿਤ ਸ਼ਹਿਰ ਵਿੱਚ ਇੱਕ ਵਿਆਹ ਸਮਾਰੋਹ ਦੌਰਾਨ ਆਤਮਘਾਤੀ ਹਮਲਾਵਰ ਦੇ ਵਿਸਫੋਟਕ ਨਾਲ ਲੱਦੇ ਵਾਹਨ ਵਿੱਚ ਧਮਾਕਾ ਹੋਇਆ। ਇਸ ਕਾਰਨ 16 ਲੋਕ ਮਾਰੇ ਗਏ ਜਦਕਿ 30 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
7...ਸੀਰੀਆ ਦੇ ਅਲੈਪੋ ਵਿੱਚ ਤੀਜੇ ਦਿਨ ਵੀ ਬੰਬ ਹਮਲੇ ਜਾਰੀ ਰਹੇ। ਹਾਲਾਤ 'ਤੇ ਨਜ਼ਰ ਰੱਖਣ ਵਾਲੇ ਸੰਗਠਨ ਐਸ.ਓ.ਐਚ.ਆਰ. ਨੇ ਕਿਹਾ ਕਿ ਮੰਗਲਵਾਰ ਤੋਂ ਹੋ ਰਹੇ ਹਮਲਿਆਂ ਵਿੱਚ 61 ਲੋਕ ਮਾਰੇ ਗਏ ਹਨ ਜਦਕਿ ਰੂਸ ਨੇ ਇਨ੍ਹਾਂ ਹਮਲਿਆਂ ਵਿੱਚ ਸ਼ਾਮਲ ਹੋਣ ਤੋਂ ਨਾਂਹ ਕੀਤੀ ਹੈ।
8...ਮੋਜ਼ਾਂਬਿਕ ਵਿੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੇਲ ਨਾਲ ਭਰੇ ਇੱਕ ਟਰੱਕ ਵਿੱਚ ਧਮਾਕਾ ਹੋਣ ਨਾਲ 70 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋਏ ਹਨ। ਬੀਬੀਸੀ ਦੀ ਖਬਰ ਮੁਤਾਬਕ ਸਰਕਾਰ ਨੇ ਕਿਹਾ ਕੁਝ ਲੋਕ ਤੇਲ ਨਾਲ ਭਰੇ ਟਰੱਕ ਚੋਰੀ ਕਰ ਰਹੇ ਸੀ ਜਦੋਂ ਇਹ ਧਮਾਕਾ ਹੋਇਆ।