ਲੰਡਨ: ਬਰਤਾਨੀਆ ‘ਚ ਸਿੱਖਾਂ ਬਾਰੇ ਕੀਤੇ ਗਏ ਇੱਕ ਸਰਵੇਖਣ ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਸਿੱਖ ਨੈੱਟਵਰਕ ਵੱਲੋਂ ਸਿੱਖ ਫੈਡਰੇਸ਼ਨ ਯੂ. ਕੇ. ਅਤੇ ਹੋਰ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੇ ਗਏ ਸਰਵੇਖਣ ‘ਚ ਕਈ ਅਹਿਮ ਮੁੱਦੇ ਸਾਹਮਣੇ ਆਏ ਹਨ। ਪ੍ਰਮੁੱਖ ਤੌਰ ‘ਤੇ ਇਸ ਸਰਵੇਖਣ ‘ਚ ਸਿੱਖੀ ਪਹਿਚਾਣ, ਦੂਜੇ ਨੰਬਰ ‘ਤੇ ਸਿੱਖਾਂ ਨਾਲ ਵਿਤਕਰਾ, ਨਫ਼ਰਤ ਅਤੇ ਗੁਮਰਾਹ ਕਰਨਾ (ਖ਼ਾਸ ਤੌਰ ‘ਤੇ ਲੜਕੀਆਂ ਨੂੰ), ਤੀਜੇ ਨੰਬਰ ‘ਤੇ ਵਿੱਦਿਆ, ਰੁਜ਼ਗਾਰ ਅਤੇ ਸਮਾਜ ਨੂੰ ਸਿੱਖਾਂ ਦੀ ਦੇਣ, ਰਾਜਸੀ ਤੌਰ ‘ਤੇ ਸਿੱਖਾਂ ਦੀ ਸਰਗਰਮੀ ਅਤੇ ਨੁਮਾਇੰਦਗੀ ਬਾਰੇ ਖੋਜ ਕੀਤੀ ਗਈ ਹੈ।

ਵੈਸਟ ਮਿਡਲੈਂਡ ਦੀ ਵੁਲਵਰਹੈਂਪਟਨ ਯੂਨੀਵਰਸਿਟੀ ‘ਚ ਜਾਰੀ ਕੀਤੀ ਗਈ ਇਸ ਰਿਪੋਰਟ ਬਾਰੇ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਦੇ ਸਾਰੇ ਵਿਭਾਗਾਂ ਨੂੰ, ਸੰਸਦ ਮੈਂਬਰਾਂ ਤੋਂ ਇਲਾਵਾ ਗ੍ਰਹਿ ਮੰਤਰੀ ਅੰਬਰ ਰੂਡ ਨੂੰ ਸੌਂਪੀ ਜਾਵੇਗੀ। ਉਨ੍ਹਾਂ ਕਿਹਾ ਕਿ ਰਿਪੋਰਟ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ, ਕਿਉਂਕਿ ਸਿੱਖਾਂ ਦੀ ਪਹਿਚਾਣ ਨੂੰ ਲੈ ਕੇ ਉਨ੍ਹਾਂ ‘ਤੇ ਹਮਲੇ ਹੋ ਰਹੇ ਹਨ, ਵਿਤਕਰੇ ਹੋ ਰਹੇ ਹਨ।

ਦੂਜੇ ਪਾਸੇ 10 ਹਫ਼ਤਿਆਂ ਦੀ ਸਰਵੇਖਣ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬਰਤਾਨੀਆ ‘ਚ ਸਿੱਖਾਂ ਦੀ ਕੁਲ ਵਸੋਂ ਦਾ 69 ਫ਼ੀਸਦੀ ਹਿੱਸਾ ਯੂ. ਕੇ. ਦਾ ਜੰਮਪਲ ਹੈ, 91 ਫ਼ੀਸਦੀ ਸਿੱਖਾਂ ਕੋਲ ਬਰਤਾਨਵੀ ਨਾਗਰਿਕਤਾ ਹੈ। ਪਹਿਚਾਣ ਵਜੋਂ 20 ‘ਚੋਂ 19 ਸਿੱਖ ਖ਼ੁਦ ਨੂੰ ਸਿੱਖ ਵਜੋਂ ਪਹਿਚਾਣ ਦੱਸਣੀ ਪਸੰਦ ਕਰਦੇ ਹਨ, 93.5 ਫ਼ੀਸਦੀ ਸਿੱਖ 2021 ਦੀ ਜਨਗਣਨਾ ‘ਚ ਗਿਣਤੀ ਲਈ ਵੱਖਰਾ ਖਾਨਾ ਚਾਹੁੰਦੇ ਹਨ, 94 ਫ਼ੀਸਦੀ ਸਿੱਖ ਪੰਜ ਕਕਾਰਾਂ ਅਤੇ ਦਸਤਾਰ ਸਜਾਉਣ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਚਾਹੁੰਦੇ ਹਨ। ਜਦਕਿ ਵਿਤਕਰਾ, ਨਫ਼ਰਤ ਅਤੇ ਗੁਮਰਾਹ ਮਾਮਲੇ ਸਬੰਧੀ ਕੰਮਕਾਰ ਵਾਲੀਆਂ ਥਾਵਾਂ ‘ਤੇ 7 ‘ਚੋਂ ਇੱਕ ਸਿੱਖ ਵਿਤਕਰੇ ਦਾ ਸ਼ਿਕਾਰ ਹੋਇਆ, 18 ਫ਼ੀਸਦੀ ਸਿੱਖਾਂ ਨਾਲ ਬੀਤੇ 12 ਮਹੀਨਿਆਂ ‘ਚ ਜਨਤਕ ਥਾਵਾਂ ‘ਤੇ ਵਿਤਕਰਾ ਹੋਇਆ ਹੈ, 8 ਫ਼ੀਸਦੀ ਸਿੱਖਾਂ ਨਾਲ ਸਰਕਾਰੀ ਦਫ਼ਤਰਾਂ ‘ਚ ਵਿਤਕਰਾ ਹੋਇਆ, ਬੀਤੇ 12 ਮਹੀਨਿਆਂ ‘ਚ 16 ਸਾਲ ਜਾਂ ਇਸ ਤੋਂ ਉੱਪਰ ਦੇ ਸਿੱਖਾਂ ਨਾਲ 1 ਲੱਖ ਨਫ਼ਰਤ ਅਪਰਾਧ ਹੋਏ ਹਨ।

40 ਸਾਲ ਤੋਂ ਘੱਟ ਉਮਰ ਦੇ 30 ਫ਼ੀਸਦੀ ਸਿੱਖਾਂ ਨੂੰ ਹੋਰ ਧਰਮ ‘ਚ ਤਬਦੀਲ ਹੋਣ ਲਈ ਨਿਸ਼ਾਨਾ ਬਣਾਇਆ ਗਿਆ। 7 ‘ਚੋਂ ਇੱਕ ਸਿੱਖ ਔਰਤ ਨੇ ਇਸ਼ਾਰਾ ਕੀਤਾ ਕਿ ਉਨ੍ਹਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। 90 ਫ਼ੀਸਦੀ ਦਾ ਮੰਨਣਾ ਹੈ ਕਿ ਜਿਸਮਾਨੀ ਗੁਮਰਾਹ ਕਰਨਾ ਅਤੇ ਜਬਰੀ ਧਰਮ ਬਦਲੀ ਰੋਕਣ ਲਈ ਪੁਖ਼ਤਾ ਕੰਮ ਨਹੀਂ ਕੀਤੇ ਗਏ। ਇਸ ਸਭ ਦੇ ਬਾਵਜੂਦ ਸਿੱਖਾਂ ਦੀਆਂ ਪ੍ਰਾਪਤੀਆਂ ਬਾਰੇ ਚੰਗੀ ਰਿਪੋਰਟ ਸਾਹਮਣੇ ਆਈ ਹੈ। ਆਮ ਆਬਾਦੀ ਦੇ ਮੁਕਾਬਲੇ ਸਿੱਖਾਂ ਕੋਲ ਡਿਗਰੀ ਅਤੇ ਉਚੇਰੀ ਵਿੱਦਿਆ ਦੋ ਗੁਣਾ ਜ਼ਿਆਦਾ ਹੈ। ਸਿੱਖ ਸਭ ਤੋਂ ਘੱਟ ਬੇਰੁਜ਼ਗਾਰ ਹਨ, ਸਿੱਖੀ ਦੇ ਮੁੱਢਲੇ ਅਸੂਲਾਂ ਅਨੁਸਾਰ ਸਿੱਖ ਸਖ਼ਤ ਮਿਹਨਤ ਅਤੇ ਇਮਾਨਦਾਰੀ ਦੀ ਕਮਾਈ ਕਰ ਰਹੇ ਹਨ। 92 ਫ਼ੀਸਦੀ ਸਿੱਖ ਖ਼ੁਦ ਦੇ ਘਰਾਂ ‘ਚ ਰਹਿੰਦੇ ਹਨ, ਇਹ ਦਰ ਬਾਕੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ।

ਸਿੱਖਾਂ ਵੱਲੋਂ 12 ਲੱਖ ਪੌਂਡ ਰੋਜ਼ਾਨਾ ਦਾਨ ਵਜੋਂ ਦਿੱਤੇ ਜਾਂਦੇ ਹਨ, ਇਹ ਦਰ ਆਮ ਦਾਨੀਆਂ ਨਾਲੋਂ 6.5 ਫ਼ੀਸਦੀ ਜ਼ਿਆਦਾ ਹੈ। 5 ‘ਚੋਂ 4 ਸਿੱਖ ਮੰਨਦੇ ਹਨ ਕਿ ਬਰਤਾਨੀਆ ਸਰਕਾਰ ਨੇ ਪਹਿਲੀ ਸੰਸਾਰ ਜੰਗ ‘ਚ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਲਈ ਜ਼ਿਆਦਾ ਕੁੱਝ ਨਹੀਂ ਕੀਤਾ। ਰਾਜਸੀ ਤੌਰ ‘ਤੇ ਸਿੱਖ ਸਰਗਰਮੀਆਂ ਅਤੇ ਨੁਮਾਇੰਦਗੀ ਬਾਰੇ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਿਛਲੀਆਂ ਚੋਣਾਂ ‘ਚ ਸਿੱਖਾਂ ਨੇ ਬਾਕੀ ਧਰਮਾਂ ਦੇ ਲੋਕਾਂ ਨਾਲੋਂ ਕਿਤੇ ਵੱਧ ਮਤਦਾਨ ਕੀਤਾ ਜੋ 82 ਫ਼ੀਸਦੀ ਦਰ ਬਣਦੀ ਹੈ, ਬਾਕੀਆਂ ਨਾਲੋਂ 5 ਗੁਣਾ ਜ਼ਿਆਦਾ ਸਿੱਖ ਰਾਜਸੀ ਪਾਰਟੀਆਂ ਦੇ ਮੈਂਬਰ ਹਨ, ਇੱਕ ਤਿਹਾਈ ਸਿੱਖ ਆਪਣੇ ਸੰਸਦ ਮੈਂਬਰਾਂ ਤੋਂ ਇਸ ਕਰ ਕੇ ਅਸੰਤੁਸ਼ਟ ਹਨ ਕਿ ਉਨ੍ਹਾਂ ਦੇ ਮੁੱਦੇ ਉਹ ਅੱਗੇ ਲੈ ਕੇ ਨਹੀਂ ਜਾਂਦੇ।

9 ‘ਚੋਂ ਸਿਰਫ਼ ਇੱਕ ਸਿੱਖ ਮੰਨਦਾ ਹੈ ਕਿ ਪਾਰਲੀਮੈਂਟ ‘ਚ ਉਨ੍ਹਾਂ ਨੂੰ ਅਸਰਦਾਇਕ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ। ਇੱਕ ਤਿਹਾਈ ਦਾ ਮੰਨਣਾ ਹੈ ਕਿ ਜੇ ਹੋਰ ਸਿੱਖ ਸੰਸਦ ਮੈਂਬਰ ਜਾਂ ਲਾਰਡ ਬਣਨ ਤਾਂ ਰਾਜਸੀ ਜੋੜ ਅਤੇ ਦਿਲਚਸਪੀ ‘ਚ ਵਾਧਾ ਹੋਵੇਗਾ। ਇਸ ਸਰਵੇਖਣ ਦੀ ਰਿਪੋਰਟ ਤਿਆਰ ਕਰਨ ‘ਚ ਡਾ: ਉਪਿੰਦਰ ਕੌਰ ਤੱਖਰ ਯੂਨੀਵਰਸਿਟੀ ਆਫ਼ ਵੁਲਵਰਹੈਂਪਟਨ, ਡਾ: ਜਸਜੀਤ ਸਿੰਘ ਯੂਨੀਵਰਸਿਟੀ ਲੀਡਜ਼, ਗੁਰਬਚਨ ਜੰਡੂ ਬਰਿੱਕਬੈਕ ਕਾਲਜ ਯੂਨੀਵਰਸਿਟੀ ਆਫ਼ ਲੰਡਨ, ਡਾ: ਜਤਿੰਦਰ ਸਿੰਘ ਮਹਿਮੀ ਪ੍ਰਿੰਸੀਪਲ ਸੋਸ਼ਲ ਸਾਇੰਟਿਸਟ ਇਨਵਾਇਰਨਮੈਂਟ ਏਜੰਸੀ, ਕੈਥਰੀਨ ਜੋਏ ਡੌਡਜ਼ ਟਰਿਨਟੀ ਕਾਲਜ ਡਬਲਿਨ, ਦਵਿੰਦਰਜੀਤ ਸਿੰਘ ਓ. ਬੀ. ਈ., ਰਣਦੀਪ ਸਿੰਘ ਐਮ. ਐਸ. ਸੀ., ਜੱਸ ਸਿੰਘ ਏ. ਸੀ. ਐਮ. ਏ. ਦਾ ਅਹਿਮ ਯੋਗਦਾਨ ਰਿਹਾ ਹੈ। ਇਸ ਸਰਵੇਖਣ ‘ਚ 4559 ਸਿੱਖਾਂ ਨੇ ਹਿੱਸਾ ਲਿਆ। UK SIKH SURVEY ਚ ਹੁਣ ਵੀ ਸਿੱਖ ਅਾਪਣਾ ਅਨੁਭਵ ਦੱਸ ਸਕਦੇ ਨੇ।