ਨਿਊਯਾਰਕ: ਪਿਛਲੇ ਇੱਕ ਮਹੀਨੇ ਤੋਂ ਛੇ ਸੂਬਿਆਂ 'ਚ ਅਪਰਾਧਕ ਗਤੀਵਿਧੀਆਂ ਤੇ ਦੇਸ਼ ਦੇ ਪ੍ਰਵਾਸੀ ਕਾਨੂੰਨ ਨਾਲ ਖਿਲਵਾੜ ਕਰਨ ਵਾਲੇ 6 ਭਾਰਤੀਆਂ ਸਣੇ 300 ਲੋਕਾਂ ਨੂੰ ਅਮਰੀਕੀ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਹੈ।


ਫੈਡਰਲ ਅਧਿਕਾਰੀਆਂ ਨੇ ਯੂਐਸ ਇਮੀਗ੍ਰੇਸ਼ਨ ਤੇ ਇਨਫੋਰਸਮੈਂਟ ਐਂਡ ਰਿਮੂਵਲ ਆਪਰੇਸ਼ਨਸ ਵੱਲੋਂ 30 ਦਿਨਾਂ ਦੀ ਕਾਰਵਾਈ ਦੌਰਾਨ ਇੰਡੀਆਨਾ, ਇਲੀਨੋਇਸ, ਕੰਸਾਸ, ਕੈਨਟੁਕੀ, ਮਿਸੌਰੀ ਤੇ ਵਿਸਕੋਨਸਿਨ ਤੋਂ 364 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਲੋਕ 25 ਮੁਲਕਾਂ ਤੋਂ ਆਏ ਸਨ ਜਿਨ੍ਹਾਂ 'ਚ 6 ਭਾਰਤ ਤੋਂ ਹਨ। ਇਸ ਤੋਂ ਇਲਾਵਾ ਕੋਲੰਬੀਆ, ਚੈਕ ਰਿਪਬਲਿਕ, ਇਕੁਏਡਰ, ਜਰਮਨੀ, ਗੁਆਟੇਮਾਲਾ, ਹੌਂਡਰਸ, ਮੈਕਸੀਕੋ, ਸਾਊਦੀ ਅਰਬ ਤੇ ਯੂਕਰੇਨ ਦੇ ਲੋਕ ਹਨ। ਗ੍ਰਿਫ਼ਤਾਰ ਕੀਤੇ 364 ਲੋਕਾਂ 'ਚੋਂ 187 ਲੋਕਾਂ 'ਤੇ ਅਪਰਾਧਕ ਦੋਸ਼ ਹਨ।


ਸ਼ਿਕਾਗੋ ਇਲਾਕੇ ਤੋਂ ਆਈਸੀਈ ਨੇ 25 ਸਾਲਾ ਭਾਰਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ 30 ਜੁਲਾਈ ਨੂੰ ਜਿਣਸੀ ਸੋਸ਼ਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਈਆਰਓ ਡਿਪੋਰਟੇਸ਼ਨ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤੇ ਅੱਧੇ ਤੋਂ ਵੱਧ ਲੋਕਾਂ ਦਾ ਪਿਛੋਕੜ ਅਪਰਾਧਕ ਮਾਮਲਿਆਂ ਨਾਲ ਸਬੰਧਤ ਹੈ ਜਿਸ 'ਚ ਕਤਲ, ਚੋਰੀ , ਡਕੈਤੀ, ਘਰੇਲੂ ਹਿੰਸਾ, ਨਸ਼ਾ ਤਸਕਰੀ, ਗੈਰਕਾਨੂੰਨੀ ਪ੍ਰਵੇਸ਼, ਬੱਚਿਆਂ ਦਾ ਸਰੀਰਕ ਸੋਸ਼ਣ ਜਿਹੇ ਅਪਰਾਧ ਸ਼ਾਮਿਲ ਹਨ।


ਆਈਸੀਈ ਈਆਰਓ ਸ਼ਿਕਾਗੋ ਦੇ ਫੀਲਡ ਅਫਸਰ ਰਿਚਰਡ ਵਾਂਗ ਨੇ ਕਿਹਾ ਕਿ ਇਹ ਕਾਰਵਾਈ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ 'ਤੇ ਦੇਸ਼ ਦੇ ਇਮੀਗ੍ਰੇਸ਼ਨ ਕਾਨੂੰਨਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ।