ਇਸਲਾਮਾਬਾਦ: ਪਾਕਿਸਤਾਨ ਨੂੰ ਅਜੇ ਵੀ ਭਾਰਤ ਵੱਲੋਂ ਕਿਸੇ ਗੜਬੜੀ ਦਾ ਖਤਰਾ ਹੈ। ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚਲੀ ਕਸ਼ੀਦਗੀ ਗੁਆਂਢੀ ਮੁਲਕ ਵਿੱਚ ਆਮ ਚੋਣਾਂ ਮੁਕੰਮਲ ਹੋਣ ਤਕ ਬਰਕਰਾਰ ਰਹੇਗੀ। ਖ਼ਾਨ ਨੇ ਕਿਹਾ ਉਨ੍ਹਾਂ ਨੂੰ ਡਰ ਹੈ ਕਿ ਪਾਕਿਸਤਾਨ ਦਾ ਗੁਆਂਢੀ ‘ਮੁੜ ਕੋਈ ਕਾਰਾ’ (ਬਾਲਾਕੋਟ ਜਿਹਾ) ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਖ਼ਤਰਾ ਅਜੇ ਨਹੀਂ ਟਲਿਆ ਤੇ ਮੁਲਕ ਉੱਤੇ ਜੰਗ ਦਾ ਪਰਛਾਵਾਂ ਮੰਡਰਾ ਰਿਹਾ ਹੈ।


ਯਾਦ ਰਹੇ ਪਾਕਿਸਤਾਨ ਅਧਾਰਤ ਜੈਸ਼-ਏ-ਮੁਹੰਮਦ ਵੱਲੋਂ 14 ਫਰਵਰੀ ਨੂੰ ਪੁਲਵਾਮਾ ਵਿੱਚ ਸੀਆਰਪੀਐਫ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ, ਜਿਸ ਵਿੱਚ 40 ਜਵਾਨ ਸ਼ਹੀਦ ਹੋ ਗਏ ਸਨ, ਮਗਰੋਂ ਦੋਵਾਂ ਮੁਲਕਾਂ ਵਿਚ ਤਲਖੀ ਸਿਖਰ ’ਤੇ ਹੈ।

ਇਮਰਾਨ ਖਾਨ ਨੇ ਕਿਹਾ ਕਿ ਜੰਗ ਦਾ ਪਰਛਾਵਾਂ ਅਜੇ ਵੀ ਪਾਕਿਸਤਾਨ ’ਤੇ ਮੰਡਰਾ ਰਿਹਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲਾ ਭਾਰਤ ਦਾ ਪ੍ਰਸ਼ਾਸਕੀ ਤਾਣਾ ਬਾਣਾ ਆਮ ਚੋਣਾਂ ਤੋਂ ਪਹਿਲਾਂ ‘ਕਿਸੇ ਹੋਰ ਕਾਰੇ’ ਨੂੰ ਅੰਜਾਮ ਦੇ ਸਕਦਾ ਹੈ। ਅਖਬਾਰ ‘ਡਾਅਨ’ ਨੇ ਖ਼ਾਨ ਦੇ ਹਵਾਲੇ ਨਾਲ ਕਿਹਾ, ‘ਅਜੇ ਖ਼ਤਰਾ ਨਹੀਂ ਟਲਿਆ। ਭਾਰਤ ਵਿੱਚ ਅਗਾਮੀ ਲੋਕ ਸਭਾ ਚੋਣਾਂ ਤਕ ਰਿਸ਼ਤਿਆਂ ’ਚ ਤਲਖੀ ਬਰਕਰਾਰ ਰਹੇਗੀ। ਅਸੀਂ ਭਾਰਤ ਨੂੰ ਕਿਸੇ ਵੀ ਹੱਲੇ ਦਾ ਜਵਾਬ ਦੇਣ ਲਈ ਪਹਿਲਾਂ ਹੀ ਤਿਆਰ ਹਾਂ।’